ਅੱਜ ਦੇ ਭੌਤਿਕਵਾਦੀ ਯੁੱਗ ਵਿੱਚ ਵਿਗਿਆਨ ਅਤੇ ਤਕਨੀਕ ਨੇ ਬਹੁਤ ਤੇਜ਼ੀ ਨਾਲ ਤਰੱਕੀ ਕੀਤੀ ਹੈ ਪਰੰਤੂ ਮਨੁੱਖਤਾ ਕੌੜੀ ਵੇਲ ਵਾਂਗ ਵੱਧ ਰਹੀ ਨਵੇਂਕਲੇ ਅਤੇ ਖਤਰਨਾਕ ਨਸ਼ਿਆਂ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਵਿਗਿਆਨ ਨੇ ਆਪਣੀ ਸੂਝ ਬੂਝ ਸਦਕਾ ਕਈ ਮਨੁੱਖੀ ਸਮੱਸਿਆਵਾਂ ਦਾ ਹੱਲ ਦਿੱਤਾ ਪਰੰਤੂ ਇਸ ਦੇ ਨਾਲ ਨਾਲ ਨਸ਼ਿਆਂ ਦੀ ਲੱਤ ਵਰਗੀਆਂ ਨਵੀਆਂ ਸਮੱਸਿਆਵਾਂ ਨੂੰ ਵੀ ਜਨਮ ਦਿੱਤਾ ਹੈ। ਦੁਨੀਆ ਭਰ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਭਿਆਨਕ ਮਾਰ ਪੈਂ ਰਹੀ ਹੈ।
ਨਸ਼ਿਆਂ ਦੀ ਲੱਤ ਨੇ ਸਮਾਜ ਨੂੰ ਇੱਕ ਅਜਿਹੀ ਕਾਲੀ ਧੁੰਦ ਵਿੱਚ ਢੱਕ ਲਿਆ ਹੈ ਜਿਸ ਦੇ ਕਾਰਨ ਪਰਿਵਾਰਾਂ ਦੇ ਪਰਿਵਾਰ ਉੱਜੜ ਰਹੇ ਹਨ ਨੌਜਵਾਨ ਜੀਵਨ ਪ੍ਰਤੀ ਆਪਣੀਆਂ ਉਮੀਦਾਂ ਗਵਾ ਰਹੇ ਹਨ ਅਤੇ ਪੂਰਾ ਸਮਾਜ ਆਰਥਿਕ ਅਤੇ ਨੈਤਿਕ ਪੱਖੋਂ ਖ਼ਤਰੇ ਵਿੱਚ ਪੈ ਗਿਆ ਹੈ। ਵਿਸ਼ਾ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਜੇਕਰ ਸਮੇਂ ਰਹਿੰਦੇ ਇਸ ਮਾੜੀ ਲੱਤ ਤੋਂ ਬਚਾਅ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਦੁਨੀਆ ਭਰ ਦੇ ਨੌਜਵਾਨ ਇਸਦੀ ਮਾਰੂ ਚਪੇਟ ਵਿੱਚ ਆ ਜਾਣਗੇ।
ਨਸ਼ਾ ਕੀ ਹੈ?
ਅੱਜ ਦੀ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਵਿੱਚ ਮਨੁੱਖ ਆਪਣੀਆਂ ਤਕਲੀਫ਼ਾਂ ਅਤੇ ਮਨੋਵਿਗਿਆਨਕ ਦਬਾਵਾਂ ਤੋਂ ਬਚਣ ਲਈ ਸ਼ਰਾਬ, ਸਿਗਰਟ, ਚਰਸ, ਅਫੀਮ, ਹੀਰੋਇਨ, ਸਮੈਕ ਅਤੇ ਹੋਰ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਦਾ ਹੈ। ਇਹ ਨਸ਼ੇ ਇਨਸਾਨ ਨੂੰ ਆਪਣੇ ਆਪ ਤੋਂ ਬੇਖ਼ਬਰ ਕਰ ਦਿੰਦੇ ਹਨ ਅਤੇ ਉਹ ਆਪਣੀ ਜ਼ਿੰਮੇਵਾਰੀ ਅਤੇ ਜੀਵਨ ਦੀਆਂ ਲੀਹਾਂ ਤੋਂ ਉਖੜ ਜਾਂਦਾ ਹੈ।
ਨਸ਼ਿਆਂ ਦੇ ਮਾਰੂ ਪ੍ਰਭਾਵ
ਨਸ਼ਾ ਇਨਸਾਨ ਦੀ ਆਰਥਿਕਤਾ ਅਤੇ ਆਤਮ-ਸਮਾਨ ਦੋਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਸ਼ੇੜੀ ਵਿਅਕਤੀ ਆਪਣਾ ਘਰ ਪਰਿਵਾਰ ਵੀ ਚੰਗੀ ਤਰ੍ਹਾਂ ਨਹੀਂ ਚਲਾ ਸਕਦਾ ਅਤੇ ਆਪਣੀ ਆਰਥਿਕ ਅਤੇ ਮਾਨਸਿਕ ਖ਼ੁਦਮੁਖਤਿਆਰੀ ਗਵਾ ਬੈਠਦਾ ਹੈ। ਨਸ਼ਾ ਕਰਨ ਵਾਲੇ ਇਨਸਾਨਾਂ ਦੀ ਸਰੀਰਕ ਤਾਕਤ ਘਟ ਜਾਂਦੀ ਹੈ ਅਤੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਉਸ ਨੂੰ ਘੇਰਨਾ ਸ਼ੁਰੂ ਕਰ ਦਿੰਦੀਆਂ ਹਨ।
ਨਸ਼ੇ ਦੀ ਲੱਤ ਕਿਉਂ ਲੱਗਦੀ ਹੈ?
ਆਧੁਨਿਕ ਯੁੱਗ ਵਿੱਚ ਨੈਤਿਕ ਮੁੱਲਾਂ ਦੀ ਗਿਰਾਵਟਤਾ, ਪਰਿਵਾਰਾਂ ਦਾ ਟੁੱਟਣਾ ਅਤੇ ਫਿਲਮੀ ਦੁਨੀਆਂ ਦੀ ਨਕਲ ਕਰਨ ਦੀ ਲੱਤ ਨੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਹੈ। ਕਈ ਥਾਵਾਂ ਤੇ ਮਾਲਕਾਂ ਵੱਲੋਂ ਮਜ਼ਦੂਰਾਂ ਨੂੰ ਥਕਾਵਟ ਦੂਰ ਕਰਨ ਲਈ ਨਸ਼ੇ ਦਿੱਤੇ ਜਾਂਦੇ ਹਨ। ਸਮਾਜ ਵਿੱਚ ਫੈਲੀ ਹੋਈ ਦਿਖਾਵਟੀ ਟੌਹਰ ਤੇ ਲੱਚਰਤਾ ਵੀ ਨਸ਼ਿਆਂ ਨੂੰ ਵਧਾਉਣ ਵਾਲੇ ਮੁੱਖ ਕਾਰਣ ਹਨ।
ਸਿਹਤ ਤੇ ਨਸ਼ਿਆਂ ਦੇ ਭਿਆਨਕ ਪ੍ਰਭਾਵ
ਨਸ਼ਾ ਇਨਸਾਨ ਦੇ ਮਨ ਤੇ ਸਰੀਰ ਨੂੰ ਹੌਲੀ-ਹੌਲੀ ਖਤਮ ਕਰ ਦਿੰਦਾ ਹੈ। ਭੁੱਖ ਘੱਟ ਲੱਗਣੀ, ਦਿਲ ਬੇਚੈਨ ਰਹਿਣਾ, ਯਾਦਦਾਸ਼ਤ ਦੀ ਕਮੀ, ਅੰਗ ਕੰਬਣੇ, ਅੱਖਾਂ ਲਾਲ ਹੋਣੀਆਂ ਆਦਿ ਨਸ਼ਿਆਂ ਦੀ ਗ੍ਰਿਫਤ ਵਾਲੇ ਇਨਸਾਨਾਂ ਦੇ ਆਮ ਲੱਛਣ ਬਣ ਜਾਂਦੇ ਹਨ। ਇਹ ਬਹੁਤ ਸਾਰੀਆਂ ਲਾਈਲਾਜ਼ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਨਸ਼ੀਲੀਆਂ ਦਵਾਈਆਂ ਦੇ ਕਾਰਨ ਮੌਤਾਂ
ਅੱਜ ਕੱਲ ਨੌਜਵਾਨ ਨਸ਼ੀਲੀਆਂ ਦਵਾਈਆਂ ਜਿਵੇਂ ਅਫੀਮ, ਮਾਰਫੀਨ ਦੇ ਟੀਕੇ, ਸਮੈਕ, ਖੰਘ ਦੀਆਂ ਦਵਾਈਆਂ ਅਤੇ ਦਰਦ ਨਿਵਾਰਕ ਗੋਲੀਆਂ ਦੀ ਦੁਰਵਰਤੋਂ ਕਰ ਰਹੇ ਹਨ, ਜਿਸ ਨਾਲ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਸਮਾਜ ਤੇ ਮੰਡਰਾਉਂਦਾ ਸੰਕਟ
ਨਸ਼ਾ ਸਿਰਫ਼ ਇਕ ਵਿਅਕਤੀਕਤ ਸਮੱਸਿਆ ਨਹੀਂ, ਸਗੋਂ ਸਮੂਹ ਸਮਾਜ ਲਈ ਘਾਤਕ ਬਣ ਚੁੱਕਾ ਹੈ। ਇਹ ਨੌਜਵਾਨ ਪੀੜ੍ਹੀ ਦੀ ਤਬਾਹੀ ਦੇ ਨਾਲ-ਨਾਲ ਆਰਥਿਕਤਾ ਅਤੇ ਮੂਲ ਨੈਤਿਕਤਾ ਨੂੰ ਵੀ ਖੋਖਲਾ ਕਰ ਰਿਹਾ ਹੈ।
ਪਰਿਵਾਰਕ ਜ਼ਿੰਦਗੀ ਤੇ ਨਸ਼ੇ ਦਾ ਅਸਰ
ਅਣਗਿਣਤ ਪਰਿਵਾਰ ਨਸ਼ੇ ਦੇ ਕਾਰਨ ਟੁੱਟ ਗਏ ਹਨ। ਮਾਪੇ ਆਪਣਿਆਂ ਬੱਚਿਆਂ ਦੀ ਬਦਲਦੀ ਹੋਈ ਸੋਚ ਅਤੇ ਆਚਰਣ ਕਾਰਨ ਡਰ, ਚਿੰਤਾ, ਬੇਚੈਨੀ ਅਤੇ ਆਰਥਿਕ ਸੰਕਟ ਦਾ ਸ਼ਿਕਾਰ ਹੋ ਰਹੇ ਹਨ।
ਅਪਰਾਧ ਤੇ ਨਸ਼ਾ
ਨਸ਼ੇ ਦੀ ਲੱਤ ਨੌਜਵਾਨਾਂ ਨੂੰ ਚੋਰੀ, ਡਕੈਤੀ ਅਤੇ ਕਤਲ ਵਰਗੇ ਅਪਰਾਧਾਂ ਵੱਲ ਧੱਕ ਰਹੀ ਹੈ। ਆਪਣੇ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਅਕਸਰ ਨੌਜਵਾਨ ਅਪਰਾਧ ਜਗਤ ਵਿੱਚ ਸ਼ਾਮਲ ਹੋ ਜਾਂਦੇ ਹਨ।
ਹੱਲ : ਸਮਾਜਿਕ ਜਾਗਰੂਕਤਾ
ਇਸ ਭਿਆਨਕ ਸਮੱਸਿਆ ਦਾ ਇਕਮਾਤਰ ਹੱਲ ਸਮਾਜਿਕ ਜਾਗਰੂਕਤਾ ਹੈ। ਮਾਪੇ, ਅਧਿਆਪਕ ਅਤੇ ਸਮਾਜਿਕ ਸੰਸਥਾਵਾਂ ਨੂੰ ਅੱਗੇ ਆ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਸਮਝਾਉਣਾ ਹੋਵੇਗਾ। ਨੌਜਵਾਨਾਂ ਨੂੰ ਸਕਾਰਾਤਮਕ ਕੰਮਾਂ ਵਿੱਚ ਸ਼ਾਮਲ ਕਰਕੇ, ਵਧੀਆ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਹੈ।
ਜੇਕਰ ਵਿਸ਼ਵ ਸਮਾਜ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਨਸ਼ਿਆਂ ਵਿਰੁੱਧ ਤੁਰੰਤ ਅਤੇ ਠੋਸ ਕਾਰਵਾਈ ਕਰਨ ਲਈ ਆਪਣੀ ਕਮਰ ਕੱਸ ਕੇ ਰੱਖੇ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ