ਸਰੀ ਨੇੜਲੇ ਪੰਜਾਬੀ ਵਸੋਂ ਵਾਲੇ ਸ਼ਹਿਰ ਐਬਸਫੋਰਡ (Abbotsford) ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਰਿੱਜਵਿਊ ਡਰਾਈਵ ਖੇਤਰ ਵਿੱਚ ਰਹਿੰਦੇ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ (68) ਦੀ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਜਾਣਕਾਰੀ ਮੁਤਾਬਿਕ, ਦਰਸ਼ਨ ਸਿੰਘ ਮੈਪਲ ਰਿੱਜ ਸ਼ਹਿਰ ਵਿਚਲੇ ਆਪਣੇ ਕਾਰੋਬਾਰੀ ਦਫ਼ਤਰ ਜਾਣ ਲਈ ਕਾਰ ਵਿੱਚ ਬੈਠ ਰਹੇ ਸਨ, ਜਦੋਂ ਹਮਲਾਵਰਾਂ ਨੇ ਉਨ੍ਹਾਂ 'ਤੇ ਤਾਬੜਤੋੜ ਗੋਲੀਆਂ ਚਲਾਈਆਂ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਦਰਸ਼ਨ ਸਿੰਘ ਸਾਹਸੀ ਕੱਪੜਾ ਰੀਸਾਈਕਲ ਉਦਯੋਗ ਦੇ ਮਸ਼ਹੂਰ ਕਾਰੋਬਾਰੀ ਸਨ, ਜਿਨ੍ਹਾਂ ਦਾ ਕਾਰੋਬਾਰ ਭਾਰਤ ਸਮੇਤ ਕਈ ਹੋਰ ਦੇਸ਼ਾਂ ਤੱਕ ਫੈਲਿਆ ਹੋਇਆ ਸੀ। ਮੈਪਲ ਰਿੱਜ ਵਿੱਚ ਉਨ੍ਹਾਂ ਦੀ ਫੈਕਟਰੀ ਵਿੱਚ ਦਰਜਨਾਂ ਲੋਕ ਰੁਜ਼ਗਾਰਸ਼ੁਦਾ ਸਨ।
ਮ੍ਰਿਤਕ ਦਾ ਮੂਲ ਨਿਵਾਸ ਦੋਰਾਹਾ ਨੇੜਲੇ ਪਿੰਡ ਰਾਜਗੜ ਨਾਲ ਜੁੜਿਆ ਹੋਇਆ ਹੈ। ਖ਼ਬਰ ਹੈ ਕਿ ਦਰਸ਼ਨ ਸਿੰਘ ਨੂੰ ਪਿਛਲੇ ਸਮੇਂ ਤੋਂ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਸਨ, ਪਰ ਉਨ੍ਹਾਂ ਨੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੱਤਿਆ ਨੂੰ ਫਿਰੌਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ, ਜਦਕਿ ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।