ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਮਨੋਹਰਪੁਰ ਨੇੜੇ ਅੱਜ ਸਵੇਰੇ ਇੱਕ ਭਿਆਨਕ ਦੁਰਘਟਨਾ ਵਾਪਰੀ, ਜਦੋਂ ਉੱਤਰ ਪ੍ਰਦੇਸ਼ ਤੋਂ ਮਜ਼ਦੂਰਾਂ ਨੂੰ ਲੈ ਕੇ ਆ ਰਹੀ ਬੱਸ 11,000 ਵੋਲਟ ਦੀ ਹਾਈ-ਟੈਂਸ਼ਨ ਤਾਰ ਨਾਲ ਟਕਰਾ ਗਈ। ਤਾਰ ਨਾਲ ਸੰਪਰਕ ਵਿੱਚ ਆਉਂਦੇ ਹੀ ਬੱਸ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਈ, ਜਿਸ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਰੀਬ 10 ਹੋਰ ਬੁਰੀ ਤਰ੍ਹਾਂ ਝੁਲਸ ਗਏ।
ਰਿਪੋਰਟਾਂ ਅਨੁਸਾਰ, ਬੱਸ ਟੋਡੀ ਵਿਖੇ ਸਥਿਤ ਇੱਕ ਇੱਟ ਦੇ ਭੱਠੇ ਵੱਲ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਅੱਗ ਲੱਗਣ ਨਾਲ ਬੱਸ ਅੰਦਰ ਹੜਕੰਪ ਮਚ ਗਿਆ ਅਤੇ ਸਵਾਰੀਆਂ ਦੀਆਂ ਚੀਕਾਂ-ਚਿਹਾੜਿਆਂ ਨਾਲ ਮੌਕਾ ਦਹਿਸ਼ਤਜਦਾ ਹੋ ਗਿਆ।
ਸੂਚਨਾ ਮਿਲਦਿਆਂ ਹੀ ਮਨੋਹਰਪੁਰ ਪੁਲਿਸ, ਫਾਇਰ ਬ੍ਰਿਗੇਡ, ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਰਾਹਤ ਕਾਰਜ ਸ਼ੁਰੂ ਕੀਤਾ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਜ਼ਖਮੀਆਂ ਨੂੰ ਸ਼ਾਹਪੁਰਾ ਸਬ-ਡਿਵੀਜ਼ਨ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਪੰਜ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਜੈਪੁਰ ਰੈਫਰ ਕੀਤਾ ਗਿਆ ਹੈ।
ਪੁਲਿਸ ਨੇ ਦੋਵਾਂ ਮ੍ਰਿਤਕਾਂ ਦੇ ਸ਼ਵ ਪੋਸਟਮਾਰਟਮ ਲਈ ਭੇਜੇ ਹਨ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।