ਚੰਡੀਗੜ੍ਹ – ਪੰਜਾਬ ਸਰਕਾਰ ਨੇ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਕੀਤੇ। ਮੀਟਿੰਗ ਦੌਰਾਨ ਬਰਨਾਲਾ ਨੂੰ ਨਗਰ ਕੌਂਸਲ ਤੋਂ ਨਗਰ ਨਿਗਮ ਦਾ ਦਰਜਾ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸਦੇ ਨਾਲ ਹੀ ਲੁਧਿਆਣਾ ਵਿੱਚ ਇੱਕ ਨਵੀਂ ਸਬ-ਤਹਿਸੀਲ ਲੁਧਿਆਣਾ ਨੋਰਥ ਬਣਾਉਣ ਨੂੰ ਵੀ ਹਰੀ ਝੰਡੀ ਮਿਲੀ। ਜਾਣਕਾਰੀ ਮੁਤਾਬਕ, ਮੀਟਿੰਗ ਵਿੱਚ ਕੁੱਲ 7 ਮਤੇ ਮਨਜ਼ੂਰ ਕੀਤੇ ਗਏ। ਲੁਧਿਆਣਾ ਨੋਰਥ ਤਹਿਸੀਲ ਵਿੱਚ ਚਾਰ ਪਟਵਾਰੀ ਸਰਕਲ, ਸੱਤ-ਅੱਠ ਪਿੰਡ ਅਤੇ ਇੱਕ ਕਾਨੂੰਨਗੋ ਸਰਕਲ ਸ਼ਾਮਲ ਹੋਵੇਗਾ। ਇੱਥੇ ਇੱਕ ਨਾਇਬ ਤਹਿਸੀਲਦਾਰ ਤਾਇਨਾਤ ਕੀਤਾ ਜਾਵੇਗਾ। ਘਰਾਂ ਦੇ ਨਕਸ਼ੇ ਹੁਣ ਲੋਕ ਖੁਦ ਪਾਸ ਕਰ ਸਕਣਗੇ ਕੈਬਨਿਟ ਨੇ ਪੰਜਾਬ ਯੂਨੀਫਾਈਡ ਬਿਲਡਿੰਗ ਰੂਲਜ਼ 2025 ਨੂੰ ਵੀ ਮਨਜ਼ੂਰੀ ਦਿੱਤੀ ਹੈ। ਨਵੇਂ ਨਿਯਮਾਂ ਤਹਿਤ ਮਕਾਨ ਨਿਰਮਾਣ ਦੀ ਪ੍ਰਵਾਨਗੀ ਦੀ ਪ੍ਰਕਿਰਿਆ ਸਰਲ ਕੀਤੀ ਗਈ ਹੈ। ਘੱਟ ਉਚਾਈ ਵਾਲੀਆਂ ਇਮਾਰਤਾਂ ਦੀ ਸੀਮਾ 15 ਮੀਟਰ ਤੋਂ ਵਧਾ ਕੇ 21 ਮੀਟਰ ਕਰ ਦਿੱਤੀ ਗਈ ਹੈ। ਹੁਣ ਲੋਕ ਆਪਣੇ ਆਰਕੀਟੈਕਟ ਤੋਂ ਨਕਸ਼ਾ ਖੁਦ ਮਨਜ਼ੂਰ ਕਰਵਾ ਸਕਣਗੇ। ਡੇਰਾਬੱਸੀ ਵਿੱਚ 100 ਬੈਡਾਂ ਦਾ ਈਐਸਆਈ ਹਸਪਤਾਲ ਬਣੇਗਾ ਕੈਬਨਿਟ ਨੇ ਡੇਰਾਬੱਸੀ ਵਿੱਚ 100 ਬਿਸਤਰਿਆਂ ਵਾਲੇ ਈਐਸਆਈ ਹਸਪਤਾਲ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਲਈ ਚਾਰ ਏਕੜ ਜ਼ਮੀਨ ਲੀਜ਼ 'ਤੇ ਅਲਾਟ ਕੀਤੀ ਜਾਵੇਗੀ। ਨਸ਼ਾ ਛੁਡਾਊ ਕੇਂਦਰਾਂ ਲਈ ਨਵੇਂ ਨਿਯਮ ਨਸ਼ਾ ਛੁਡਾਊ ਕੇਂਦਰਾਂ ਦੀ ਨਿਗਰਾਨੀ ਮਜ਼ਬੂਤ ਬਣਾਉਣ ਲਈ ਕੈਬਨਿਟ ਨੇ ਸੋਧਾਂ ਨੂੰ ਮਨਜ਼ੂਰੀ ਦਿੱਤੀ। ਹੁਣ ਇੱਕ ਵਿਅਕਤੀ ਵੱਧ ਤੋਂ ਵੱਧ ਪੰਜ ਕੇਂਦਰ ਚਲਾ ਸਕੇਗਾ। ਕੇਂਦਰਾਂ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਲਾਗੂ ਕੀਤੀ ਜਾਵੇਗੀ ਅਤੇ ਦਵਾਈਆਂ ਦੀ ਨਿਗਰਾਨੀ ਖਰੜ ਲੈਬ ਤੋਂ ਕੀਤੀ ਜਾਵੇਗੀ। ਪੰਜਾਬ ਸਪੋਰਟਸ ਮੈਡੀਕਲ ਕੇਡਰ ਵਿੱਚ 100 ਨਵੀਆਂ ਅਸਾਮੀਆਂ ਕੈਬਨਿਟ ਨੇ ਪੰਜਾਬ ਸਪੋਰਟਸ ਮੈਡੀਕਲ ਕੇਡਰ ਵਿੱਚ 100 ਅਹੁਦਿਆਂ ਦੀ ਮਨਜ਼ੂਰੀ ਦਿੱਤੀ ਹੈ। ਇਹ ਅਸਾਮੀਆਂ ਗਰੁੱਪ A, B ਅਤੇ C ਵਿੱਚ ਹੋਣਗੀਆਂ ਅਤੇ ਠੇਕੇ 'ਤੇ ਭਰੀਆਂ ਜਾਣਗੀਆਂ। ਇਹ ਸਟਾਫ ਖਿਡਾਰੀਆਂ ਦੀ ਸਹਾਇਤਾ ਲਈ ਵੱਖ-ਵੱਖ ਖੇਡ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ। ਇਸਤੋਂ ਇਲਾਵਾ, ਉਦਯੋਗ ਵਿਭਾਗ ਦੀ ਮੰਗ 'ਤੇ 5 ਲੱਖ ਰੁਪਏ ਤੱਕ ਦੇ ਬੈਂਕਿੰਗ ਕੈਂਪਾਂ ਲਈ ਰਜਿਸਟ੍ਰੇਸ਼ਨ ਡਿਊਟੀਆਂ ਮੁਆਫ਼ ਕਰਨ ਦਾ ਵੀ ਫੈਸਲਾ ਕੀਤਾ ਗਿਆ।