ਜੀਰਕਪੁਰ ਦੇ ਰਮਾਡਾ ਹੋਟਲ ‘ਚ ਐਤਵਾਰ ਰਾਤ ਇੱਕ ਪਤੀ-ਪਤਨੀ ਵੱਲੋਂ ਹੈਰੋਇਨ ਸੇਵਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੋਟਲ ਪ੍ਰਬੰਧਕਾਂ ਵੱਲੋਂ ਸੂਚਨਾ ਮਿਲਣ ‘ਤੇ ਪੁਲਿਸ ਨੇ ਕਮਰਾ ਨੰਬਰ 112 ਖੋਲ੍ਹਿਆ, ਜਿੱਥੇ ਔਰਤ ਬੇਹੋਸ਼ ਹਾਲਤ ਵਿੱਚ ਮਿਲੀ, ਜਦਕਿ ਉਸਦਾ ਪਤੀ ਸਿਹਤਮੰਦ ਸੀ।
ਪਹਿਲਾਂ ਪੀਸੀਆਰ ਟੀਮ ਦੇ ਏਐੱਸਆਈ ਰਜਿੰਦਰ ਸਿੰਘ ਮੌਕੇ ‘ਤੇ ਪਹੁੰਚੇ, ਜਿਸ ਤੋਂ ਬਾਅਦ ਡਿਊਟੀ ਅਫਸਰ ਏਐੱਸਆਈ ਸੁਲੱਖਣ ਸਿੰਘ ਨੇ ਕਾਰਵਾਈ ਸੰਭਾਲੀ।
ਪੁਲਿਸ ਅਨੁਸਾਰ, ਕਮਰੇ ਵਿੱਚ ਰਹਿ ਰਹੇ ਵਿਅਕਤੀ ਨੇ ਆਪਣੀ ਪਹਿਚਾਣ ਅਦਿਤਿਆ ਪ੍ਰਾਪਸ ਮੁਖਰਜੀ (27) ਵਾਸੀ ਗਰੂਗ੍ਰਾਮ ਦੱਸੀ, ਜਦਕਿ ਉਸਦੀ ਪਤਨੀ ਭਾਵਨਾ (28) ਨੇ ਵੀ ਆਪਣਾ ਨਾਮ ਤੇ ਪਤਾ ਪੁਸ਼ਟੀ ਕੀਤੀ।
ਤਲਾਸ਼ੀ ਦੌਰਾਨ ਪੁਲਿਸ ਨੂੰ ਲਾਈਟਰ, ਵਰਤੇ ਹੋਏ ਫੋਇਲ ਪੇਪਰ ਅਤੇ ਸਿਗਰਟਾਂ ਦੀਆਂ ਡੱਬੀਆਂ ਮਿਲੀਆਂ। ਦੋਵੇਂ ਨੇ ਸਵੀਕਾਰਿਆ ਕਿ ਉਹ ਹੈਰੋਇਨ ਦਾ ਸੇਵਨ ਕਰ ਚੁੱਕੇ ਹਨ। ਇਸ ‘ਤੇ ਥਾਣਾ ਜੀਰਕਪੁਰ ਵਿੱਚ ਮੁਕੱਦਮਾ ਨੰਬਰ 515 ਮਿਤੀ 26 ਅਕਤੂਬਰ 2025 ਤਹਿਤ ਧਾਰਾ 27, 61/85 NDPS ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ।
ਪੁੱਛਗਿੱਛ ਵਿੱਚ ਦੋਸ਼ੀਆਂ ਨੇ ਦੱਸਿਆ ਕਿ ਅਦਿਤਿਆ ਗਰੂਗ੍ਰਾਮ ਦੀ ਇੱਕ ਰੀਅਲ ਅਸਟੇਟ ਕੰਪਨੀ ‘ਚ ਨੌਕਰੀ ਕਰਦਾ ਹੈ, ਜਦਕਿ ਭਾਵਨਾ ਭਿਵਾਨੀ ਦੀ ਰਹਿਣ ਵਾਲੀ ਹੈ ਤੇ ਪੀਐਚਡੀ ਕਰ ਰਹੀ ਹੈ। ਦੋਵੇਂ ਨੇ ਲਗਭਗ ਡੇਢ ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ।
ਜਾਣਕਾਰੀ ਮੁਤਾਬਕ, ਅਦਿਤਿਆ ਦਾ ਪਿਤਾ ਪ੍ਰਾਤੀਕ ਮੁਖਰਜੀ ਹਾਈਲੈਂਡ ਪਾਰਕ, ਜੀਰਕਪੁਰ ਵਿੱਚ ਰਹਿੰਦਾ ਹੈ ਅਤੇ ਜੇਪੀ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ। ਦੋਵੇਂ ਪਿਤਾ ਦੀ ਤਬੀਅਤ ਜਾਣਨ ਆਏ ਸਨ ਅਤੇ ਹੋਟਲ ‘ਚ ਟਿਕੇ ਸਨ।