ਕੈਨੇਡਾ ਤੋਂ ਸੰਗਰੂਰ ਵਾਸੀਆਂ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸੰਗਰੂਰ ਦੀ 27 ਸਾਲਾ ਅਮਨਪ੍ਰੀਤ ਕੌਰ, ਜੋ 2021 ਵਿੱਚ ਚੰਗੇ ਭਵਿੱਖ ਲਈ ਕੈਨੇਡਾ ਗਈ ਸੀ, ਦਾ ਉੱਥੇ ਕਤਲ ਹੋ ਗਿਆ। ਪੁਲਿਸ ਨੇ ਕਤਲ ਦੇ ਦੋਸ਼ੀ ਮਨਪ੍ਰੀਤ ਸਿੰਘ (ਉਮਰ 27 ਸਾਲ) ਨੂੰ ਮੋਸਟ ਵਾਂਟਿਡ ਐਲਾਨ ਕਰ ਦਿੱਤਾ ਹੈ ਅਤੇ ਉਸਦੀ ਭਾਲ ਜਾਰੀ ਹੈ। ਅਮਨਪ੍ਰੀਤ ਕੌਰ ਕੈਨੇਡਾ ਦੇ ਇੱਕ ਹਸਪਤਾਲ ਵਿੱਚ ਕੰਮ ਕਰਦੀ ਸੀ ਅਤੇ ਜਲਦੀ ਹੀ ਉਸਦੀ ਪੀਆਰ ਮਿਲਣ ਵਾਲੀ ਸੀ। ਉਸਦੇ ਪਰਿਵਾਰ ਨੇ ਦੱਸਿਆ ਕਿ ਉਹ ਹਮੇਸ਼ਾਂ ਖੁਸ਼ ਰਹਿੰਦੀ ਸੀ ਅਤੇ ਘਰ ਨਾਲ ਨਿਯਮਿਤ ਸੰਪਰਕ ਵਿੱਚ ਸੀ। ਪਰਿਵਾਰ ਨੂੰ ਉਸ ਬੰਦੇ ਬਾਰੇ ਕੋਈ ਜਾਣਕਾਰੀ ਨਹੀਂ ਜਿਸਨੇ ਉਸਦਾ ਕਤਲ ਕੀਤਾ। ਅਮਨਪ੍ਰੀਤ ਦੇ ਚਾਚੇ ਨੇ ਦੱਸਿਆ ਕਿ 20 ਅਕਤੂਬਰ ਨੂੰ ਉਸਦੀ ਲਾਪਤਾ ਹੋਣ ਦੀ ਰਿਪੋਰਟ ਦਰਜ ਹੋਈ ਸੀ ਅਤੇ ਦੋ ਦਿਨ ਬਾਅਦ ਪੁਲਿਸ ਨੂੰ ਉਸਦੀ ਲਾਸ਼ ਮਿਲੀ। ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਉਨ੍ਹਾਂ ਦੀ ਮਦਦ ਕਰੇ। ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਜੇ ਸਰਕਾਰਾਂ ਇੱਥੇ ਹੀ ਨੌਜਵਾਨਾਂ ਲਈ ਚੰਗੇ ਮੌਕੇ ਪੈਦਾ ਕਰਨ, ਤਾਂ ਉਹਨਾਂ ਨੂੰ ਵਿਦੇਸ਼ਾਂ ਵੱਲ ਰੁਖ ਨਾ ਕਰਨਾ ਪਵੇ ਅਤੇ ਉਹ ਆਪਣੇ ਪਰਿਵਾਰਾਂ ਦੇ ਨਾਲ ਹੀ ਸੁਰੱਖਿਅਤ ਜੀਵਨ ਬਿਤਾ ਸਕਣ।