ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਜੁਝਾਰ ਸਿੰਘ ਨੇ ਅਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਇਸ ਖੇਡ ਦੇ ਪਹਿਲੇ ਸਿੱਖ ਚੈਂਪੀਅਨ ਬਣੇ ਹਨ। 24 ਅਕਤੂਬਰ ਨੂੰ ਉਨ੍ਹਾਂ ਨੇ ਰੂਸ ਦੇ ਖਿਡਾਰੀ ਐਂਟੋਨੀ ਗਲੁਸ਼ਕਾ ਨੂੰ ਇੱਕ ਤਿੱਖੇ ਥੱਪੜ ਨਾਲ ਹਰਾਇਆ।
ਜੁਝਾਰ ਨੇ ਜਿੱਤ ਤੋਂ ਬਾਅਦ ਵੀਡੀਓ ਸਾਂਝੀ ਕਰਦਿਆਂ ਲਿਖਿਆ, “ਅੱਜ ਮੇਰਾ ਸੁਪਨਾ ਪੂਰਾ ਹੋਇਆ, ਹੁਣ ਮੈਂ ਪਹਿਲਾ ਪਾਵਰ ਸਲੈਪ ਇੰਡੀਆ ਚੈਂਪੀਅਨ ਹਾਂ।”
ਮੁਕਾਬਲੇ ਦੌਰਾਨ ਤੀਜੇ ਰਾਊਂਡ ਵਿੱਚ ਜੁਝਾਰ ਨੇ ਆਪਣੇ ਰੂਸੀ ਵਿਰੋਧੀ ਨੂੰ ਜ਼ਬਰਦਸਤ ਥੱਪੜ ਮਾਰ ਕੇ ਹਿਲਾ ਦਿੱਤਾ, ਜਿਸ ਨਾਲ ਉਹ 29-27 ਅੰਕਾਂ ਨਾਲ ਜਿੱਤ ਗਏ। ਜਿੱਤ ਦੀ ਘੋਸ਼ਣਾ ਹੋਣ 'ਤੇ ਜੁਝਾਰ ਨੇ ਸਟੇਜ 'ਤੇ ਹੀ ਭੰਗੜਾ ਪਾਇਆ ਅਤੇ ਜੋਸ਼ ਵਿੱਚ ਕਿਹਾ, “ਪੰਜਾਬੀ ਆ ਗਏ ਓਏ!”
ਇਸ ਜਿੱਤ ਨਾਲ ਨਾ ਸਿਰਫ਼ ਜੁਝਾਰ ਸਿੰਘ ਨੇ ਆਪਣਾ ਸੁਪਨਾ ਸਾਕਾਰ ਕੀਤਾ ਹੈ, ਸਗੋਂ ਪੰਜਾਬ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ।