ਭਗਵਾਨ ਸ਼ਿਵ ਨੂੰ ਸਮਰਪਿਤ ਹਿੱਟ ਭਜਨ ‘ਮੇਰਾ ਭੋਲਾ ਹੈ ਭੰਡਾਰੀ’ ਨਾਲ ਮਸ਼ਹੂਰ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਨੇ ਖੁਦ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਦੱਸਦੇ ਹੋਏ ਗਾਇਕ ਤੇ ਪਰਿਵਾਰ ਦੀ ਜਾਨ ਬਖਸ਼ਣ ਬਦਲੇ ₹15 ਲੱਖ ਦੀ ਫਿਰੌਤੀ ਮੰਗੀ ਹੈ।
ਇਸ ਮਾਮਲੇ ਵਿੱਚ ਗਾਇਕ ਦੇ ਨਿੱਜੀ ਸੁਰੱਖਿਆ ਗਾਰਡ ਵਿਜੇ ਕਟਾਰੀਆ ਦੀ ਸ਼ਿਕਾਇਤ 'ਤੇ ਜ਼ੀਰਕਪੁਰ ਪੁਲਿਸ ਨੇ ਮੱਧ ਪ੍ਰਦੇਸ਼ ਦੇ ਉਜੈਨ ਨਿਵਾਸੀ ਰਾਹੁਲ ਕੁਮਾਰ ਨਾਗੜੇ ਖ਼ਿਲਾਫ਼ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ, ਦੋਸ਼ੀ ਰਾਹੁਲ ਨੇ 2021 ਵਿੱਚ ਉਜੈਨ ਦੇ ਮਹਾਕਾਲ ਮੰਦਿਰ ਵਿਖੇ ਹੰਸਰਾਜ ਨਾਲ ਜਾਣ-ਪਛਾਣ ਬਣਾਈ ਤੇ ਖੁਦ ਨੂੰ ਉਨ੍ਹਾਂ ਦਾ ਵੱਡਾ ਪ੍ਰਸ਼ੰਸਕ ਦੱਸਿਆ। ਬਾਅਦ ਵਿੱਚ ਉਹ ਗਾਇਕ ਦੇ ਨੇੜੇ ਆ ਗਿਆ, ਉਨ੍ਹਾਂ ਦੇ ਨਾਂ 'ਤੇ ਫਰਜ਼ੀ Instagram ਖਾਤਾ ਬਣਾਇਆ ਅਤੇ ਲੋਕਾਂ ਤੋਂ ਪੈਸੇ ਤੇ ਤੋਹਫ਼ੇ ਵਸੂਲਣੇ ਸ਼ੁਰੂ ਕਰ ਦਿੱਤੇ।
ਜਦੋਂ ਗਾਇਕ ਨੇ ਉਸ ਤੋਂ ਦੂਰੀ ਬਣਾਈ ਤੇ Instagram 'ਤੇ unfollow ਕੀਤਾ, ਤਦੋਂ ਰਾਹੁਲ ਨੇ ਗੁੱਸੇ ਵਿੱਚ ਆ ਕੇ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਫੋਨ ਤੇ WhatsApp ਰਾਹੀਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਦਾਅਵਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਸਬੰਧਿਤ ਹੈ।
ਪੁਲਿਸ ਨੇ ਕਿਹਾ ਹੈ ਕਿ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।