ਗੁਰਦਾਸਪੁਰ ਦੇ ਪਿੰਡ ਮਰਾੜਾ ਵਿੱਚ ਰੇਤ ਮਾਫੀਆ ਵੱਲੋਂ ਰਾਵੀ ਦਰਿਆ ਵਿੱਚੋਂ ਨਜਾਇਜ਼ ਮਾਈਨਿੰਗ ਕੀਤੇ ਜਾਣ ਦੇ ਵਿਰੋਧ ਵਿੱਚ ਪਿੰਡ ਵਾਸੀ ਸਰਪੰਚ ਨਰਾਇਣ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਅਤੇ ਦਰਿਆ ਕੰਢੇ ਪਹੁੰਚ ਕੇ ਹੰਗਾਮਾ ਕੀਤਾ।
ਪਿੰਡ ਵਾਸੀਆਂ ਨੇ ਮਾਈਨਿੰਗ ਕਰ ਰਹੀਆਂ ਮਸ਼ੀਨਾਂ ਰੁਕਵਾ ਦਿੱਤੀਆਂ ਅਤੇ ਦੋਸ਼ ਲਗਾਇਆ ਕਿ “ਜਿਸਦਾ ਖੇਤ, ਉਸਦੀ ਰੇਤ” ਮੁਹਿੰਮ ਦੇ ਨਾਮ 'ਤੇ ਮਾਫੀਆ ਰਾਵੀ ਦਰਿਆ ਵਿੱਚੋਂ ਧੜੱਲੇ ਨਾਲ ਰੇਤ ਪੁੱਟ ਰਿਹਾ ਹੈ। ਉਹਨਾਂ ਦੇ ਮੁਤਾਬਕ ਰੋਜ਼ਾਨਾ 200 ਦੇ ਕਰੀਬ ਟਿੱਪਰ ਰੇਤ ਦੇ ਪਿੰਡ ਰਾਹੀਂ ਲੰਘਦੇ ਹਨ, ਜਿਸ ਨਾਲ ਟਰੈਫ਼ਿਕ ਸਮੱਸਿਆ ਅਤੇ ਧੂੜ-ਮਿੱਟੀ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਹਨਾਂ ਨੇ ਦੱਸਿਆ ਕਿ ਮਾਈਨਿੰਗ ਮਾਫੀਆ ਰਾਜਸਥਾਨ ਅਤੇ ਲੁਧਿਆਣੇ ਤੱਕ ਤੋਂ ਆ ਕੇ ਇਥੇ ਰੇਤ ਦੀ ਨਜਾਇਜ਼ ਖੁਦਾਈ ਕਰ ਰਹੇ ਹਨ। ਇਸ ਕਾਰਨ ਰਾਵੀ ਦਰਿਆ 'ਤੇ ਪਿੰਡਾਂ ਨੂੰ ਜੋੜਨ ਵਾਲਾ ਆਰਜ਼ੀ ਪੁਲ ਵੀ ਤਬਾਹ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਅੱਜ ਵੀ ਬੇੜੀ ਨਾਲ ਦਰਿਆ ਪਾਰ ਕਰਨਾ ਪੈਂਦਾ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਕਈ ਵਾਰ ਜਿਲ੍ਹਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।
ਦੂਜੇ ਪਾਸੇ, ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਈਨਿੰਗ ਸਿਰਫ਼ “ਜਿਸਦਾ ਖੇਤ, ਉਸਦੀ ਰੇਤ” ਨੀਤੀ ਤਹਿਤ ਕੀਤੀ ਜਾ ਰਹੀ ਹੈ। ਜੇਕਰ ਦਰਿਆ ਵਿੱਚੋਂ ਨਜਾਇਜ਼ ਤੌਰ 'ਤੇ ਰੇਤ ਪੁੱਟੀ ਜਾ ਰਹੀ ਹੈ ਤਾਂ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।