ਨਵੀਂ ਦਿੱਲੀ, 24 ਅਕਤੂਬਰ: ਦਿੱਲੀ ਪੁਲਿਸ ਨੇ ਦੀਵਾਲੀ ਮੌਕੇ ਰਾਜਧਾਨੀ ਨੂੰ ਦਹਿਲਾਉਣ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਸੰਬੰਧ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ISIS ਨਾਲ ਜੋੜੇ ਜਾ ਰਹੇ ਹਨ। ਇਹ ਦੋਵੇਂ ਦਿੱਲੀ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਸਨ।
ਪੁਲਿਸ ਅਧਿਕਾਰੀਆਂ ਦੇ ਮੁਤਾਬਕ, ਇਹ ਲੋਕ ਦੱਖਣੀ ਦਿੱਲੀ ਦੇ ਇੱਕ ਮਸ਼ਹੂਰ ਮਾਲ ਅਤੇ ਇੱਕ ਜਨਤਕ ਪਾਰਕ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ 'ਚ ਸਨ। ਜੇਕਰ ਇਹ ਹਮਲਾ ਸਫਲ ਹੋ ਜਾਂਦਾ, ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਪੁਲਿਸ ਨੇ ਗ੍ਰਿਫ਼ਤਾਰ ਸ਼ੱਕੀਆਂ ਤੋਂ ਵਿਸਫੋਟਕ ਸਮੱਗਰੀ ਨਾਲ ਸੰਬੰਧਤ ਚੀਜ਼ਾਂ, ISIS ਪ੍ਰਚਾਰ ਵੀਡੀਓਜ਼ ਅਤੇ ਹੋਰ ਸੰਵੇਦਨਸ਼ੀਲ ਡਾਟਾ ਬਰਾਮਦ ਕੀਤਾ ਹੈ।