ਮਾਨਸਾ, 24 ਅਕਤੂਬਰ — ਜ਼ਿਲ੍ਹਾ ਮਾਨਸਾ ਦੇ ਪਿੰਡ ਅਕਬਰਪੁਰ ਖਡਾਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਮਾਂ ਨੇ ਆਪਣੇ ਹੀ ਪਤੀ ਅਤੇ ਸੱਸ 'ਤੇ ਤਿੰਨ ਮਹੀਨੇ ਦੇ ਮਾਸੂਮ ਬੱਚੇ ਨੂੰ ਨਸ਼ੇ ਦੀ ਪੂਰਤੀ ਲਈ ਵੇਚਣ ਦਾ ਗੰਭੀਰ ਆਰੋਪ ਲਗਾਇਆ ਹੈ। ਬੱਚੇ ਦੀ ਮਾਂ ਵੱਲੋਂ ਬਰੇਟਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬੱਚੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।
ਮਾਂ ਦਾ ਦੋਸ਼ ਹੈ ਕਿ ਉਸਦੇ ਪਤੀ ਅਤੇ ਸੱਸ ਨੇ ਨਸ਼ੇ ਦੀ ਆਦਤ ਪੂਰੀ ਕਰਨ ਲਈ ਉਸਦੇ ਬੱਚੇ ਨੂੰ ਇੱਕ ਲੱਖ 80 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ। ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮਾਮਲੇ 'ਤੇ ਬੁਢਲਾਡਾ ਦੇ ਡੀਐਸਪੀ ਸਿਕੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੁਸ਼ਟੀ ਲਈ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਦੋਵੇਂ ਨਸ਼ੇ ਦੇ ਆਦੀ ਹਨ ਅਤੇ ਪੁਲਿਸ ਵੱਲੋਂ ਪਹਿਲਾਂ ਉਨ੍ਹਾਂ ਦਾ ਇਲਾਜ ਵੀ ਕਰਵਾਇਆ ਗਿਆ ਸੀ। ਡੀਐਸਪੀ ਨੇ ਕਿਹਾ ਕਿ ਬੱਚਾ ਪਹਿਲਾਂ ਬਿਮਾਰ ਸੀ ਅਤੇ ਮਾਤਾ-ਪਿਤਾ ਵੱਲੋਂ ਕਥਿਤ ਤੌਰ 'ਤੇ ਇਸ ਨੂੰ ਇੱਕ ਹੋਰ ਪਰਿਵਾਰ ਨੂੰ ਗੋਦ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਬੱਚੇ ਨੂੰ ਗੋਦ ਲੈਣ ਵਾਲੇ ਪਰਿਵਾਰ ਨੇ ਬੱਚੇ ਦਾ ਇਲਾਜ ਵੀ ਕਰਵਾਇਆ ਹੈ। ਹਾਲਾਂਕਿ ਮਾਂ ਵੱਲੋਂ ਹੁਣ ਦਿੱਤੀ ਗਈ ਨਵੀਂ ਸ਼ਿਕਾਇਤ 'ਤੇ ਜਾਂਚ ਜਾਰੀ ਹੈ ਅਤੇ ਸਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ।
ਦੂਜੇ ਪਾਸੇ, ਬੱਚੇ ਨੂੰ ਗੋਦ ਲੈਣ ਵਾਲੇ ਗੰਗਾ ਰਾਮ ਨੇ ਕਿਹਾ ਕਿ ਬੱਚੇ ਦੇ ਮਾਤਾ-ਪਿਤਾ ਨੇ ਆਪ ਹੀ ਬੱਚੇ ਨੂੰ ਬਿਮਾਰ ਹਾਲਤ ਵਿੱਚ ਉਨ੍ਹਾਂ ਦੇ ਹਵਾਲੇ ਕੀਤਾ ਸੀ, ਕਿਉਂਕਿ ਉਹ ਉਸਦਾ ਪਾਲਣ-ਪੋਸ਼ਣ ਨਹੀਂ ਕਰ ਸਕਦੇ ਸਨ। ਉਸ ਨੇ ਦਾਅਵਾ ਕੀਤਾ ਕਿ ਬੱਚਾ ਖਰੀਦਿਆ ਨਹੀਂ ਗਿਆ, ਸਗੋਂ ਕਾਨੂੰਨੀ ਤੌਰ 'ਤੇ ਗੋਦ ਲਿਆ ਗਿਆ ਸੀ ਅਤੇ ਇਸ ਦੀ ਵੀਡੀਓ ਤੇ ਫੋਟੋਗ੍ਰਾਫੀ ਸਬੂਤ ਵਜੋਂ ਮੌਜੂਦ ਹੈ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆ ਸਕੇਗੀ।