ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਚਿਨਾ ਟੇਕੁਰੂ ਪਿੰਡ ਨੇੜੇ ਹੈਦਰਾਬਾਦ-ਬੈਂਗਲੁਰੂ ਹਾਈਵੇਅ 'ਤੇ ਸ਼ੁੱਕਰਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਇੱਕ ਨਿੱਜੀ ਬੱਸ (Kaveri Travels) ਮੋਟਰਸਾਈਕਲ ਨਾਲ ਟਕਰਾ ਗਈ ਜਿਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ।
ਅੱਗ ਇੰਨੀ ਭਿਆਨਕ ਸੀ ਕਿ ਬਹੁਤ ਸਾਰੇ ਯਾਤਰੀ ਅੰਦਰ ਹੀ ਫਸ ਗਏ ਤੇ ਸੜ ਕੇ ਮਰ ਗਏ। ਹੁਣ ਤੱਕ 12 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਸਕਦੀ ਹੈ, ਕਿਉਂਕਿ ਬੱਸ ਵਿੱਚ ਕਰੀਬ 40 ਯਾਤਰੀ ਸਵਾਰ ਸਨ।
ਚਸ਼ਮਦੀਦਾਂ ਦੇ ਅਨੁਸਾਰ, ਟੱਕਰ ਤੋਂ ਬਾਅਦ ਬੱਸ ਦੇ ਹੇਠਾਂ ਫਸੀ ਬਾਈਕ ਤੋਂ ਚੰਗਿਆੜੀ ਨਿਕਲੀ, ਜਿਸ ਨਾਲ ਪੂਰੀ ਬੱਸ ਅੱਗ ਦੀ ਲਪੇਟ ਵਿੱਚ ਆ ਗਈ। ਰਾਤ ਦੇ ਸਮੇਂ ਕਾਰਨ ਰਾਹਤ ਟੀਮਾਂ ਨੂੰ ਮੌਕੇ 'ਤੇ ਪਹੁੰਚਣ ਵਿੱਚ ਦੇਰੀ ਹੋਈ, ਜਿਸ ਨਾਲ ਜਾਨੀ ਨੁਕਸਾਨ ਵਧ ਗਿਆ।
ਬਚਾਅ ਤੇ ਅੱਗ ਬੁਝਾਉਣ ਦੀ ਕਾਰਵਾਈ ਜਾਰੀ ਹੈ।
ਕੁਰਨੂਲ ਦੇ ਪੁਲਿਸ ਸੁਪਰਡੈਂਟ ਵਿਕਰਾਂਤ ਪਾਟਿਲ ਨੇ ਦੱਸਿਆ ਕਿ ਫੋਰੈਂਸਿਕ ਟੀਮ (FSL) ਅੱਗ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕਾਂ ਦੀ ਪਛਾਣ ਦਾ ਕੰਮ ਚੱਲ ਰਿਹਾ ਹੈ।
ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਹਾਦਸੇ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਤੇ ਮਦਦ ਦਾ ਭਰੋਸਾ ਦਿੱਤਾ ਹੈ।