ਨਾਭਾ ਦੀ ਜਸਪਾਲ ਕਲੋਨੀ 'ਚ ਅੱਜ ਦੁਪਹਿਰ ਇੱਕ ਭਿਆਨਕ ਸੜਕ ਹਾਦਸਾ ਹੋਇਆ, ਜਿਸ 'ਚ ਤੀਜੀ ਜਮਾਤ ਦੇ ਵਿਦਿਆਰਥੀ 9 ਸਾਲਾ ਨਿਹਾਲ ਦੀ ਮੌਤ ਹੋ ਗਈ। ਬੱਚਾ ਆਪਣੀ ਮਾਂ ਨਾਲ ਐਕਟੀਵਾ 'ਤੇ ਸਵਾਰ ਹੋ ਕੇ ਘਰ ਵੱਲ ਆ ਰਿਹਾ ਸੀ, ਜਦੋਂ ਸਪੇਅਰ ਪਾਰਟਸ ਨਾਲ ਭਰਿਆ ਤੇਜ਼ ਰਫ਼ਤਾਰ ਟਰਾਲਾ ਅਚਾਨਕ ਕੱਟ ਮਾਰ ਗਿਆ। ਐਕਟੀਵਾ ਟਰਾਲੇ ਨਾਲ ਟਕਰਾ ਗਈ ਅਤੇ ਨਿਹਾਲ ਉਸ ਦੇ ਹੇਠ ਆ ਗਿਆ।
ਮੌਕੇ 'ਤੇ ਮੌਜੂਦ ਲੋਕਾਂ ਨੇ ਬੱਚੇ ਨੂੰ ਬਹੁਤ ਕੋਸ਼ਿਸ਼ਾਂ ਬਾਅਦ ਟਰਾਲੇ ਹੇਠੋਂ ਕੱਢ ਕੇ ਸਿਵਲ ਹਸਪਤਾਲ ਨਾਭਾ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਬੱਚੇ ਦੀ ਮੌਤ ਨਾਲ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰ ਉਸਨੂੰ ਪਟਿਆਲਾ ਲੈ ਗਏ।
ਪ੍ਰਤੱਖ ਦਰਸ਼ੀਆਂ ਦੇ ਅਨੁਸਾਰ, ਟਰਾਲਾ ਕਾਫ਼ੀ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਸੀ ਅਤੇ ਪਹਿਲਾਂ ਵੀ ਕੁਝ ਵਾਹਨਾਂ ਨੂੰ ਟੱਕਰ ਮਾਰ ਚੁੱਕਾ ਸੀ। ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਨਾਭਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।