ਕਾਬੁਲ/ਇਸਲਾਮਾਬਾਦ, ਸ਼ਨੀਵਾਰ:
ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸਰਹੱਦੀ ਤਣਾਅ ਇੱਕ ਵਾਰ ਫਿਰ ਚਰਮ 'ਤੇ ਪਹੁੰਚ ਗਿਆ ਹੈ। ਦੋਵੇਂ ਦੇਸ਼ਾਂ ਨੇ ਸ਼ੁੱਕਰਵਾਰ ਨੂੰ 48 ਘੰਟੇ ਦੀ ਜੰਗਬੰਦੀ ਵਧਾਉਣ 'ਤੇ ਸਹਿਮਤੀ ਜਤਾਈ ਸੀ, ਪਰ ਕੁਝ ਹੀ ਘੰਟਿਆਂ ਬਾਅਦ ਤਾਲਿਬਾਨ ਸਰਕਾਰ ਨੇ ਪਾਕਿਸਤਾਨ 'ਤੇ ਅਫਗਾਨ ਖੇਤਰ ਵਿੱਚ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ।
ਤਾਲਿਬਾਨ ਦੇ ਅਨੁਸਾਰ, ਪਾਕਿਸਤਾਨ ਨੇ ਡੁਰੰਡ ਲਾਈਨ ਨਾਲ ਲੱਗਦੇ ਪਕਤਿਕਾ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਵਾਈ ਹਮਲੇ ਕੀਤੇ, ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਤਿੰਨ ਕ੍ਰਿਕਟ ਖਿਡਾਰੀ ਵੀ ਸ਼ਾਮਲ ਹਨ। ਇਸ ਹਮਲੇ ਵਿੱਚ ਸੱਤ ਹੋਰ ਨਾਗਰਿਕ ਜ਼ਖਮੀ ਹੋਏ ਹਨ।
ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸਦੀ ਪੁਸ਼ਟੀ ਕਰਦਿਆਂ ਹਮਲੇ ਦੀ ਕੜੀ ਨਿੰਦਾ ਕੀਤੀ ਹੈ। ਬੋਰਡ ਨੇ ਐਲਾਨ ਕੀਤਾ ਹੈ ਕਿ ਉਹ ਨਵੰਬਰ ਵਿੱਚ ਪਾਕਿਸਤਾਨ ਵਿੱਚ ਹੋਣ ਵਾਲੀ ਤਿਕੋਣੀ ਟੀ-20 ਲੜੀ ਤੋਂ ਹੱਟ ਰਿਹਾ ਹੈ। ਏ.ਸੀ.ਬੀ. ਨੇ ਕਿਹਾ ਕਿ ਇਹ ਫ਼ੈਸਲਾ ਮਾਰੇ ਗਏ ਕ੍ਰਿਕਟਰਾਂ ਦੇ ਸਨਮਾਨ ਵਿੱਚ ਲਿਆ ਗਿਆ ਹੈ। ਇਸ ਟੂਰਨਾਮੈਂਟ ਵਿੱਚ ਪਾਕਿਸਤਾਨ, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਹਿੱਸਾ ਲੈਣ ਵਾਲੀਆਂ ਸਨ।
ਯਾਦ ਰਹੇ ਕਿ ਦੋਵੇਂ ਦੇਸ਼ਾਂ ਵਿਚਾਲੇ ਟਕਰਾਅ 8 ਅਕਤੂਬਰ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ 15 ਅਕਤੂਬਰ ਦੀ ਸ਼ਾਮ ਨੂੰ 48 ਘੰਟੇ ਦੀ ਜੰਗਬੰਦੀ 'ਤੇ ਸਹਿਮਤੀ ਬਣੀ ਸੀ। ਇਹ ਜੰਗਬੰਦੀ 17 ਅਕਤੂਬਰ ਦੀ ਸ਼ਾਮ ਤੱਕ ਚੱਲਣੀ ਸੀ, ਪਰ ਦੋਵੇਂ ਪਾਸਿਆਂ ਨੇ ਇਸ ਨੂੰ ਵਧਾਉਣ ਦਾ ਫੈਸਲਾ ਕੀਤਾ ਸੀ। ਹਾਲਾਂਕਿ ਤਾਜ਼ਾ ਹਮਲਿਆਂ ਨੇ ਸਰਹੱਦੀ ਅਮਨ ਦੀ ਉਮੀਦਾਂ ਨੂੰ ਝਟਕਾ ਦਿੱਤਾ ਹੈ।