ਢਾਕਾ (ਬੰਗਲਾਦੇਸ਼), ਸ਼ਨੀਵਾਰ:
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਟਰਮੀਨਲ ਵਿੱਚ ਸ਼ਨੀਵਾਰ ਦੁਪਹਿਰ ਲੱਗੀ ਭਿਆਨਕ ਅੱਗ ਨਾਲ ਹੜਕੰਪ ਮਚ ਗਿਆ। ਦੁਪਹਿਰ ਲਗਭਗ 2:15 ਵਜੇ ਵਾਪਰੀ ਇਸ ਘਟਨਾ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਜਦਕਿ ਕਈ ਅੰਤਰਰਾਸ਼ਟਰੀ ਫਲਾਈਟਾਂ ਨੂੰ ਚਟਗਾਂਵ ਅਤੇ ਹੋਰ ਨੇੜਲੇ ਹਵਾਈ ਅੱਡਿਆਂ ਵੱਲ ਡਾਇਵਰਟ ਕੀਤਾ ਗਿਆ ਹੈ।
ਅੱਗ ਲੱਗਣ ਤੋਂ ਬਾਅਦ ਘਣੇ ਧੂੰਏ ਅਤੇ ਲਪਟਾਂ ਨੇ ਟਰਮੀਨਲ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਯਾਤਰੀਆਂ ਅਤੇ ਕਰਮਚਾਰੀਆਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ। ਏਅਰਪੋਰਟ ਅਥਾਰਟੀ ਨੇ ਤੁਰੰਤ ਐਮਰਜੈਂਸੀ ਐਲਾਨਦੇ ਹੋਏ ਬਚਾਅ ਅਭਿਆਨ ਸ਼ੁਰੂ ਕੀਤਾ।
ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੇ ਬੁਲਾਰੇ ਕੌਸਰ ਮਹਿਮੂਦ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ, ਬੰਗਲਾਦੇਸ਼ ਏਅਰ ਫੋਰਸ ਦੀ ਫਾਇਰ ਯੂਨਿਟ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ। ਲਗਭਗ 16 ਤੋਂ ਵੱਧ ਅੱਗ ਬੁਝਾਉਣ ਵਾਲੀਆਂ ਗੱਡੀਆਂ ਅੱਗ ਨੂੰ ਕਾਬੂ ਕਰਨ ਲਈ ਜੁਟੀਆਂ ਹੋਈਆਂ ਹਨ।
ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਹਾਲਾਂਕਿ ਕਾਰਗੋ ਖੇਤਰ ਵਿੱਚ ਕਈ ਕੀਮਤੀ ਸਮਾਨ ਦੇ ਸੜਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅੱਗ ਦੇ ਸਹੀ ਕਾਰਣਾਂ ਦੀ ਜਾਂਚ ਜਾਰੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਉਹਨਾਂ ਦੀ ਪਹਿਲੀ ਤਰਜੀਹ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਅਤੇ ਹੋਰ ਖੇਤਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਅੱਗ ਪੂਰੀ ਤਰ੍ਹਾਂ ਬੁਝਣ ਤੋਂ ਬਾਅਦ ਹੀ ਨੁਕਸਾਨ ਦਾ ਅੰਦਾਜ਼ਾ ਅਤੇ ਘਟਨਾ ਦੇ ਕਾਰਣਾਂ ਦੀ ਵਿਸਤ੍ਰਿਤ ਜਾਂਚ ਕੀਤੀ ਜਾਵੇਗੀ।