ਚੰਡੀਗੜ੍ਹ/ਪੰਚਕੂਲਾ, ਸ਼ਨੀਵਾਰ: ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਆਕਿਲ ਅਖ਼ਤਰ ਦੀ ਮੌਤ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਮਲੇਰਕੋਟਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਜਾਰੀ ਕੀਤੀ ਗਈ ਵਾਇਰਲ ਵੀਡੀਓ ਨੇ ਮਾਮਲੇ ਨੂੰ ਸਨਸਨੀਖੇਜ਼ ਬਣਾ ਦਿੱਤਾ ਹੈ। ਇਸ ਵੀਡੀਓ ਨੂੰ ਕਥਿਤ ਤੌਰ 'ਤੇ ਆਕਿਲ ਦੀ ਆਪਣੀ ਆਖ਼ਰੀ ਰਿਕਾਰਡਿੰਗ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਉਸਨੇ ਆਪਣੀ ਮੌਤ ਦੀ ਸਾਜ਼ਿਸ਼ ਅਤੇ ਪਰਿਵਾਰਕ ਰਾਜਾਂ ਬਾਰੇ ਖੁਲਾਸੇ ਕੀਤੇ ਹਨ। ਵੀਡੀਓ ਵਿੱਚ ਆਕਿਲ ਨੇ ਆਪਣੇ ਪਿਤਾ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ 'ਤੇ ਆਪਣੀ ਪਤਨੀ ਨਾਲ ਅਫੇਅਰ ਹੋਣ ਦੇ ਇਲਜ਼ਾਮ ਲਗਾਏ ਹਨ। ਉਸਨੇ ਦਾਅਵਾ ਕੀਤਾ ਕਿ ਉਸਨੂੰ ਇਹ ਸਬੰਧਾਂ ਬਾਰੇ ਡੇਢ ਸਾਲ ਪਹਿਲਾਂ ਪਤਾ ਲੱਗ ਗਿਆ ਸੀ ਅਤੇ ਉਸ ਤੋਂ ਬਾਅਦ ਉਸਦੀ ਜ਼ਿੰਦਗੀ ਵਿੱਚ ਲਗਾਤਾਰ ਮਨੋਵਿਗਿਆਨਕ ਦਬਾਅ ਬਣ ਗਿਆ ਸੀ। ਵੀਡੀਓ ਦੀ ਸ਼ੁਰੂਆਤ ਵਿੱਚ ਆਕਿਲ ਕਹਿੰਦਾ ਹੈ — “ਅੱਜ 27 ਅਗਸਤ 2025 ਹੈ… ਮੈਂ ਇਹ ਵੀਡੀਓ ਸਬੂਤ ਲਈ ਬਣਾ ਰਿਹਾ ਹਾਂ। ਮੈਨੂੰ ਡਰ ਹੈ ਕਿ ਮੇਰਾ ਕਤਲ ਹੋ ਸਕਦਾ ਹੈ। ਮੇਰੀ ਪਤਨੀ ਦਾ ਵਿਆਹ ਮੇਰੇ ਪਿਤਾ ਨਾਲ ਹੋਇਆ ਸੀ, ਮੇਰੇ ਨਾਲ ਨਹੀਂ…” ਉਸਨੇ ਅੱਗੇ ਦੱਸਿਆ ਕਿ ਉਸਦੇ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਅਤੇ ਉਸਦੀ ਮਾਂ ਅਤੇ ਭੈਣ ਨੇ ਵੀ ਉਸਦੇ ਵਿਰੁੱਧ ਸਾਜ਼ਿਸ਼ ਵਿੱਚ ਹਿੱਸਾ ਲਿਆ। ਮਲੇਰਕੋਟਲਾ ਦੇ ਸ਼ਮਸੁਦੀਨ ਚੌਧਰੀ ਨੇ ਪੰਚਕੂਲਾ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਆਕਿਲ ਦੀ ਮੌਤ ਦੀ ਵਿਆਪਕ ਜਾਂਚ ਦੀ ਮੰਗ ਕੀਤੀ ਹੈ। ਉਸਨੇ ਕਿਹਾ ਕਿ ਵੀਡੀਓ, ਕਾਲ ਰਿਕਾਰਡ, ਡਿਜ਼ੀਟਲ ਸਬੂਤ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਸੱਚਾਈ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ, ਵੀਰਵਾਰ ਰਾਤ ਕਰੀਬ 9 ਵਜੇ ਪੰਚਕੂਲਾ ਵਿੱਚ ਆਕਿਲ ਦੀ ਦਵਾਈ ਦੀ ਓਵਰਡੋਜ਼ ਕਾਰਨ ਮੌਤ ਹੋਈ। ਉਸਨੂੰ ਬੇਹੋਸ਼ ਅਵਸਥਾ ਵਿੱਚ ਸੈਕਟਰ 6 ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਆਕਿਲ ਦੀ ਮਾਂ ਰਜ਼ੀਆ ਸੁਲਤਾਨਾ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੀ ਹੈ, ਜਦਕਿ ਉਸਦੀ ਪਤਨੀ ਜ਼ੈਨਬ ਅਖ਼ਤਰ 2021 ਵਿੱਚ ਪੰਜਾਬ ਵਕਫ਼ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤੀ ਗਈ ਸੀ। ਇਹ ਨਿਯੁਕਤੀ ਵੀ ਉਸ ਸਮੇਂ ਕਾਫ਼ੀ ਵਿਵਾਦਾਂ ਵਿੱਚ ਰਹੀ ਸੀ। ਮਾਮਲੇ ਦੇ ਤਾਜ਼ਾ ਮੋੜ ਨਾਲ ਪੰਚਕੂਲਾ ਪੁਲਿਸ ਨੇ ਵਾਇਰਲ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇ ਵੀਡੀਓ ਸੱਚੀ ਪਾਈ ਗਈ, ਤਾਂ ਮਾਮਲੇ ਨੂੰ ਸ਼ੱਕੀ ਮੌਤ ਜਾਂ ਸਾਜ਼ਿਸ਼ ਦੇ ਤੌਰ 'ਤੇ ਦੁਬਾਰਾ ਖੋਲ੍ਹਿਆ ਜਾ ਸਕਦਾ ਹੈ।