ਔਕਲੈਂਡ, 15 ਅਕਤੂਬਰ 2025- ਨਿਊਜ਼ੀਲੈਂਡ ਦੇ ਟੈਕਸ ਵਿਭਾਗ, ਇਨਲੈਂਡ ਰੈਵੇਨਿਊ ਡਿਪਾਰਟਮੈਂਟ (IRD), ਨੇ ਉਨ੍ਹਾਂ ਲੋਕਾਂ ਅਤੇ ਕਾਰੋਬਾਰਾਂ ਤੋਂ ਬਕਾਇਆ ਟੈਕਸ (Tax Debt) ਵਸੂਲਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ ਜਿਨ੍ਹਾਂ ਨੇ ਅਜੇ ਤੱਕ ਆਪਣਾ ਟੈਕਸ ਨਹੀਂ ਭਰਿਆ। ਇਸ ਨਵੀਂ ਅਤੇ ਸਖ਼ਤ ਪਹੁੰਚ ਕਾਰਨ ਹਜ਼ਾਰਾਂ ਲੋਕਾਂ ਦੇ ਬੈਂਕ ਖਾਤਿਆਂ ਵਿੱਚੋਂ ਸਿੱਧੇ ਪੈਸੇ ਕੱਟੇ ਗਏ ਹਨ।
ਇਨਲੈਂਡ ਰੈਵੇਨਿਊ ਡਿਪਾਰਟਮੈਂਟ (ਟੈਕਸ ਵਿਭਾਗ) ਕਿਉਂ ਸਖ਼ਤ ਹੋਇਆ?
ਮਾਰਚ ਤੱਕ, ਨਿਊਜ਼ੀਲੈਂਡ ਦਾ ਕੁੱਲ ਟੈਕਸ ਬਕਾਇਆ 9.3 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਇਹ ਇੱਕ ਬਹੁਤ ਵੱਡੀ ਰਕਮ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਸਮੇਂ ਵਿਭਾਗ ਨੇ ਲੋਕਾਂ ਨੂੰ ਕਾਫ਼ੀ ਨਰਮੀ ਦਿੱਤੀ ਸੀ, ਪਰ ਹੁਣ ਇਹ ਕਰਜ਼ਾ ਬਹੁਤ ਜ਼ਿਆਦਾ ਹੋ ਗਿਆ ਹੈ, ਜਿਸ ਨੂੰ ਸਰਕਾਰ ਹੁਣ ਹੋਰ ਵਧਣ ਨਹੀਂ ਦੇਣਾ ਚਾਹੁੰਦੀ।
ਕੁਝ ਕਾਰੋਬਾਰੀ ਆਪਣੇ ਗਾਹਕਾਂ ਤੋਂ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਅਤੇ ਕਰਮਚਾਰੀਆਂ ਦੀ ਤਨਖਾਹ ਵਿੱਚੋਂ ਪੀ.ਏ. ਵਾਈ. ਈ (Pay-As-You-Earn-PAYE) ਤਾਂ ਕੱਟ ਤਾਂ ਲੈਂਦੇ ਹਨ, ਪਰ ਉਹ ਇਸਨੂੰ ਟੈਕਸ ਵਿਭਾਗ ਕੋਲ੍ਹ ਜਮ੍ਹਾ ਕਰਾਉਣ ਦੀ ਬਜਾਏ, ਆਪਣੇ ਕਾਰੋਬਾਰ ਲਈ ਵਰਤ ਲੈਂਦੇ ਹਨ। ਇਸ ਨੂੰ ਲੇਖਾਕਾਰ ਇਨਲੈਂਡ ਰੈਵੇਨਿਊ ਡਿਪਾਰਟਮੈਂਟ ਨੂੰ ਬੈਂਕ ਵਾਂਗ ਵਰਤਣਾ ਕਹਿੰਦੇ ਹਨ।
ਸਿਸਟਮ ਅਪਗ੍ਰੇਡ: ਟੈਕਸ ਵਿਭਾਗ ਨੇ ਹਾਲ ਹੀ ਵਿੱਚ ਆਪਣਾ ਸਿਸਟਮ ਅਪਗ੍ਰੇਡ ਕੀਤਾ ਹੈ, ਜਿਸ ਕਾਰਨ ਉਸ ਕੋਲ ਹੁਣ ਲੋਕਾਂ ਦੀ ਵਿੱਤੀ ਜਾਣਕਾਰੀ ਜ਼ਿਆਦਾ ਹੈ ਅਤੇ ਉਹ ਬਕਾਇਆ ਵਸੂਲਣ ਲਈ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਕਾਰਵਾਈ ਕਰ ਸਕਦਾ ਹੈ।
-ਬੈਂਕ ਖਾਤਿਆਂ ਵਿੱਚੋਂ ਪੈਸੇ ਕੱਟਣ ਦੀ ਕਾਰਵਾਈ (Compulsory Deductions)
- ਟੈਕਸ ਵਿਭਾਗ ਨੇ ਬਕਾਇਆ ਟੈਕਸ ਵਾਲੇ ਗਾਹਕਾਂ ਨੂੰ ਨਿਸ਼ਾਨਾ ਬਣਾਇਆ ਹੈ, ਖਾਸ ਕਰਕੇ ਉਹ ਜਿਨ੍ਹਾਂ ਨੇ: ਵਿਭਾਗ ਵੱਲੋਂ ਵਾਰ-ਵਾਰ ਸੰਪਰਕ ਕਰਨ ਚਿੱਠੀਆਂ ਪੜ੍ਹਨ ਦੇ ਬਾਵਜੂਦ ਕੋਈ ਜਵਾਬ ਨਹੀਂ ਦਿੱਤਾ। ਇਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟੈਕਸ ਭਰਨ ਲਈ ਪੈਸੇ ਹੋਣ ਦੇ ਸੰਕੇਤ ਹਨ।
ਤਾਜ਼ਾ ਅੰਕੜੇ (ਮੱਧ-ਜੂਨ ਤੋਂ 30 ਸਤੰਬਰ ਤੱਕ):
ਨੋਟਿਸ ਭੇਜੇ: ਵਿਭਾਗ ਨੇ ਬੈਂਕਾਂ ਤੋਂ ਪੈਸੇ ਕੱਟਣ ਦੀ ਯੋਜਨਾ ਬਾਰੇ 16,500 ਤੋਂ ਵੱਧ ਨੂੰ ਨੋਟਿਸ ਭੇਜੇ ਹਨ। ਇਹ ਪਿਛਲੇ ਸਾਲ ਦੇ ਕੁੱਲ ਨੋਟਿਸਾਂ ਨਾਲੋਂ 25% ਜ਼ਿਆਦਾ ਹਨ।
ਕਟੌਤੀਆਂ ਪੂਰੀਆਂ: 8,181 ਕਟੌਤੀਆਂ ਹੋ ਚੁੱਕੀਆਂ ਹਨ।
ਵਸੂਲੀ: ਇਨ੍ਹਾਂ ਕਟੌਤੀਆਂ ਰਾਹੀਂ ਲਗਭਗ 17 ਮਿਲੀਅਨ ਡਾਲਰ ਵਸੂਲ ਕੀਤੇ ਗਏ ਹਨ।
ਤਨਖਾਹ ਕਟੌਤੀ: ਵਿਭਾਗ ਕੋਲ ਇਹ ਸਮਰੱਥਾ ਵੀ ਹੈ ਕਿ ਉਹ ਤੁਹਾਡੀ ਤਨਖਾਹ ਵਿੱਚੋਂ ਵੀ ਪੈਸੇ ਕੱਟ ਸਕਦਾ ਹੈ।