ਕੈਨੇਡਾ ਨੇ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ
ਓਟਾਵਾ- ਕੈਨੇਡਾ ਸਰਕਾਰ ਨੇ ਭਾਰਤ ਆਧਾਰਤ ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲੇ ਬਿਸ਼ਨੋਈ ਗੈਂਗ ਨੂੰ ਅਧਿਕਾਰਕ ਤੌਰ ‘ਤੇ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਇਹ ਐਲਾਨ ਕੈਨੇਡਾ ਦੇ ਪਬਲਿਕ ਸੇਫ਼ਟੀ ਮੰਤਰੀ ਗੈਰੀ ਅਨੰਦਸੰਗਰੀ ਵੱਲੋਂ ਕੀਤਾ ਗਿਆ।
ਮੰਤਰੀ ਨੇ ਕਿਹਾ ਕਿ ਕੈਨੇਡਾ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ, ਖ਼ਾਸ ਕਰਕੇ ਉਹ ਜਿਹੜੀ ਖ਼ਾਸ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਕੇ ਡਰ ਤੇ ਖੌਫ਼ ਦਾ ਮਾਹੌਲ ਪੈਦਾ ਕਰਦੀ ਹੈ, ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪਾਬੰਦੀ ਲੱਗਣ ਤੋਂ ਬਾਦ ਬਿਸ਼ਨੋਈ ਗੈਂਗ ਦੀ ਕੋਈ ਵੀ ਜਾਇਦਾਦ, ਵਾਹਨ, ਖਾਤੇ ਜਾਂ ਪੈਸਾ ਕੈਨੇਡਾ ਵਿੱਚ ਜ਼ਬਤ ਜਾਂ ਫ੍ਰੀਜ਼ ਕੀਤਾ ਜਾ ਸਕਦਾ ਹੈ। ਕਿਸੇ ਵੀ ਵਿਅਕਤੀ ਲਈ ਗੈਂਗ ਨੂੰ ਪੈਸਾ ਜਾਂ ਸੰਪਤੀ ਸਿੱਧੇ ਜਾਂ ਅਪਰੋਕਸ਼ ਤੌਰ ‘ਤੇ ਦੇਣਾ ਅਪਰਾਧ ਹੋਵੇਗਾ ਅਤੇ ਇਮੀਗ੍ਰੇਸ਼ਨ ਅਤੇ ਬਾਰਡਰ ਅਧਿਕਾਰੀਆਂ ਲਈ ਇਹ ਸੂਚੀ ਦਾਖ਼ਲਾ ਯੋਗਤਾ ‘ਤੇ ਫ਼ੈਸਲੇ ਲੈਣ ਵਿੱਚ ਮਦਦਗਾਰ ਹੋਵੇਗੀ।
ਜਿਕਰਯੋਗ ਹੈ ਕਿ ਸਰਕਾਰ ਮੁਤਾਬਕ ਬਿਸ਼ਨੋਈ ਗੈਂਗ ਮੁੱਖ ਤੌਰ ‘ਤੇ ਭਾਰਤ ਵਿੱਚ ਸਰਗਰਮ ਹੈ ਪਰ ਕੈਨੇਡਾ ਸਮੇਤ ਕਈ ਵਿਦੇਸ਼ੀ ਪੰਜਾਬੀ ਭਾਈਚਾਰਿਆਂ ਵਿੱਚ ਵੀ ਇਸ ਦੀ ਪਹੁੰਚ ਹੈ। ਇਹ ਗੈਂਗ ਕਤਲ, ਗੋਲੀਬਾਰੀ, ਅੱਗਜ਼ਨੀ, ਵਸੂਲੀ ਅਤੇ ਧਮਕੀਆਂ ਰਾਹੀਂ ਲੋਕਾਂ ਵਿੱਚ ਅਸੁਰੱਖਿਆ ਦਾ ਮਾਹੌਲ ਪੈਦਾ ਕਰਦਾ ਹੈ। ਗੈਂਗ ਖ਼ਾਸ ਕਰਕੇ ਪ੍ਰਮੁੱਖ ਭਾਈਚਾਰਕ ਹਸਤੀਆਂ, ਵਪਾਰੀ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ।
ਕਨੇਡਾ ਦੇ ਗੈਰੀ ਅਨੰਦਸੰਗਰੀ, ਮੰਤਰੀ ਪਬਲਿਕ ਸੇਫ਼ਟੀ ਨੇ ਕਿਹਾ ਕਿ “ਕੈਨੇਡਾ ਵਿੱਚ ਹਰ ਵਿਅਕਤੀ ਨੂੰ ਆਪਣੇ ਘਰ ਤੇ ਭਾਈਚਾਰੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ। ਬਿਸ਼ਨੋਈ ਗੈਂਗ ਨੇ ਖ਼ਾਸ ਭਾਈਚਾਰਿਆਂ ਨੂੰ ਡਰਾਉਣ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਗਰੁੱਪ ਨੂੰ ਅੱਤਵਾਦੀ ਘੋਸ਼ਿਤ ਕਰਨ ਨਾਲ ਸਾਡੇ ਕੋਲ ਹੁਣ ਹੋਰ ਤਾਕਤਵਰ ਸਾਧਨ ਆ ਗਏ ਹਨ, ਜਿਨ੍ਹਾਂ ਰਾਹੀਂ ਅਸੀਂ ਇਹਨਾਂ ਅਪਰਾਧਾਂ ਨੂੰ ਰੋਕ ਸਕਦੇ ਹਾਂ।”
ਕੈਨੇਡਾ ਵਿੱਚ ਕ੍ਰਿਮਿਨਲ ਕੋਡ ਹੇਠ ਕੁੱਲ 88 ਅੱਤਵਾਦੀ ਸੰਗਠਨ ਸੂਚੀਬੱਧ ਹੋ ਚੁੱਕੇ ਹਨ। ਕੈਨੇਡੀਅਨ ਕਾਨੂੰਨ ਮੁਤਾਬਕ, ਕਿਸੇ ਵੀ ਅੱਤਵਾਦੀ ਸੰਗਠਨ ਨਾਲ ਸੰਬੰਧਤ ਸੰਪਤੀ ਜਾਂ ਫੰਡ ਨਾਲ ਲੈਣ-ਦੇਣ ਕਰਨਾ ਸਜ਼ਾਯੋਗ ਹੈ।RCMP (ਰਾਇਲ ਕੈਨੇਡੀਅਨ ਮਾਊਂਟਡ ਪੁਲਿਸ) ਅੱਤਵਾਦੀ ਗਤੀਵਿਧੀਆਂ ਦੀ ਰੋਕਥਾਮ, ਜਾਂਚ ਤੇ ਨਿਗਰਾਨੀ ਲਈ ਜ਼ਿੰਮੇਵਾਰ ਹੈ ਅਤੇ ਇਹ ਨਵਾਂ ਫੈਸਲਾ ਉਸਦੀ ਸਮਰਥਾ ਨੂੰ ਹੋਰ ਮਜ਼ਬੂਤ ਕਰਦਾ ਹੈ। ਪੰਜਾਬ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਦਾ ਇਲਜ਼ਾਮ ਇਸ ਗੈਂਗ ਉੱਪਰ ਲੱਗਾ ਹੈ ਕੇ ਕੇਸ ਅਦਾਲਤ ਵਿੱਚ ਸੁਣਵਾਈ ਅਧੀਨ ਹੈ।