ਨਾਭਾ – ਡੇਂਗੂ ਦੇ ਲਗਾਤਾਰ ਵੱਧ ਰਹੇ ਕੇਸਾਂ ਕਰਕੇ ਨਾਭਾ ਇੱਕ ਹਾਟ ਸਪੌਟ ਏਰੀਆ ਵਜੋਂ ਚਿੰਨ੍ਹਿਤ ਹੋ ਰਿਹਾ ਹੈ। ਇਸ ਗੰਭੀਰ ਸਥਿਤੀ ਨੂੰ ਵੇਖਦਿਆਂ, ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਨਾਭਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।
ਮੰਤਰੀ ਨੇ ਕਿਹਾ ਕਿ ਘਰਾਂ ਵਿੱਚ ਡੇਂਗੂ ਲਾਰਵਾ ਚੈੱਕ ਕਰਨ ਲਈ ਸਿਹਤ ਵਿਭਾਗ ਮੁਹਿੰਮ ਚਲਾ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣੀ ਚਾਹੀਦੀ ਹੈ।
ਸਿਹਤ ਮੰਤਰੀ ਨੇ ਇਸ ਮੌਕੇ ਪੰਜਾਬ ਵਿੱਚ ਡਾਕਟਰਾਂ ਅਤੇ ਹੋਰ ਸਟਾਫ ਦੀ ਘਾਟ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਵੇਂ ਡਾਕਟਰਾਂ ਦੀ ਭਰਤੀ ਲਗਾਤਾਰ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀਆਂ ਡਿਊਟੀਆਂ ਹੌਲੀ-ਹੌਲੀ ਸ਼ੁਰੂ ਹੋ ਰਹੀਆਂ ਹਨ। ਰੈਡੋਲੋਜਿਸਟਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਨੇ ਅਸਥਾਈ ਤੌਰ ‘ਤੇ ਪ੍ਰਾਈਵੇਟ ਹਸਪਤਾਲਾਂ ਦੇ ਹੈੱਡ ਰਜਿਸਟਰਾਂ ਨੂੰ ਡਿਊਟੀਆਂ ਸੌਂਪੀਆਂ ਹਨ, ਪਰ ਜਲਦ ਹੀ ਇਹ ਕਮੀ ਪੂਰੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਡਾ. ਬਲਵੀਰ ਸਿੰਘ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਸੜਕ ਹਾਦਸੇ ‘ਤੇ ਵੀ ਚਿੰਤਾ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਫੋਰਟੀਸ ਹਸਪਤਾਲ, ਮੋਹਾਲੀ ਦੇ ਡਾਕਟਰਾਂ ਨਾਲ ਗੱਲਬਾਤ ਹੋਈ ਹੈ ਅਤੇ ਰਾਜਵੀਰ ਗੰਭੀਰ ਇੰਜਰੀ ਕਾਰਨ ਆਈਸੀਯੂ ਵਿੱਚ ਹੈ। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਕੇ ਉਹਨਾਂ ਦੀ ਛੇਤੀ ਸੁਹਾਰਿਆ ਲਈ ਅਰਦਾਸ ਕਰਨ।
ਇਸ ਮੌਕੇ, ਸਿਹਤ ਮੰਤਰੀ ਨੇ ਹਰਮੀਤ ਸਿੰਘ ਪਠਾਣ ਮਾਜਰਾ ਵੱਲੋਂ ਸੋਸ਼ਲ ਮੀਡੀਆ ‘ਤੇ ਪਰਿਵਾਰ ਨੂੰ ਖ਼ਤਰੇ ਬਾਰੇ ਵੀਡੀਓ ਜਾਰੀ ਕਰਨ ਬਾਰੇ ਵੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਪਠਾਣ ਮਾਜਰਾ ਕਦੇ ਸਭ ਤੋਂ ਤਾਕਤਵਰ ਐਮਐਲਏ ਸੀ, ਪਰ ਉਸ ਨੂੰ ਭੱਜਣ ਦੀ ਬਜਾਏ ਆਪਣੀ ਗੱਲ ਖੁੱਲ੍ਹ ਕੇ ਰੱਖਣੀ ਚਾਹੀਦੀ ਸੀ।