ਐਤਵਾਰ ਨੂੰ ਏਸ਼ੀਆ ਕੱਪ 2025 ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਮਨੇ-ਸਾਮਨੇ ਹੋਣ ਜਾ ਰਹੀਆਂ ਹਨ। ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਟੀਮਾਂ ਵਿਚਕਾਰ ਇਹ ਪਹਿਲੀ ਟੱਕਰ ਹੋਵੇਗੀ, ਜਿਸ ਕਰਕੇ ਇਹ ਮੈਚ ਖ਼ਾਸ ਚਰਚਾ ਵਿੱਚ ਹੈ। ਇਸ ਮਾਹੌਲ ਵਿੱਚ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਭਾਰਤ-ਪਾਕਿਸਤਾਨ ਵਿਚਕਾਰ ਨਾ ਤਾਂ ਕ੍ਰਿਕਟ ਹੋਣੀ ਚਾਹੀਦੀ ਹੈ ਅਤੇ ਨਾ ਹੀ ਕਾਰੋਬਾਰ, ਜਦ ਤੱਕ ਦੋਵੇਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਨਹੀਂ ਆ ਜਾਂਦਾ। ਮੁੰਬਈ ਵਿੱਚ ਇੱਕ ਸਮਾਗਮ ਦੌਰਾਨ ਹਰਭਜਨ ਸਿੰਘ ਨੇ ਕਿਹਾ, "ਭਾਰਤ-ਪਾਕਿਸਤਾਨ ਮੈਚ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ, ਪਰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸਭ ਨੇ ਕਿਹਾ ਸੀ ਕਿ ਨਾ ਕ੍ਰਿਕਟ ਹੋਣਾ ਚਾਹੀਦਾ ਹੈ ਅਤੇ ਨਾ ਹੀ ਕਾਰੋਬਾਰ। ਅਸੀਂ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਵਿੱਚ ਵੀ ਪਾਕਿਸਤਾਨ ਨਾਲ ਇੱਕ ਵੀ ਮੈਚ ਨਹੀਂ ਖੇਡਿਆ।" ਉਨ੍ਹਾਂ ਅੱਗੇ ਕਿਹਾ ਕਿ ਹਰ ਕਿਸੇ ਦੀ ਆਪਣੀ ਰਾਏ ਹੋ ਸਕਦੀ ਹੈ, ਪਰ ਉਹਨਾਂ ਦੇ ਮਤਾਬਕ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਧਰਣ ਤੱਕ ਖੇਡ ਅਤੇ ਵਪਾਰ ਨਹੀਂ ਹੋਣੇ ਚਾਹੀਦੇ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਜੋੜਿਆ ਕਿ ਜੇਕਰ ਸਰਕਾਰ ਫ਼ੈਸਲਾ ਕਰਦੀ ਹੈ ਕਿ ਮੈਚ ਹੋਣਾ ਚਾਹੀਦਾ ਹੈ, ਤਾਂ ਫਿਰ ਖੇਡਣ ਵਿੱਚ ਕੋਈ ਆਪਤੀ ਨਹੀਂ। ਟਿਕਟਾਂ ਦੀ ਮੰਗ ਘੱਟ ਦੂਜੇ ਪਾਸੇ, ਇਸ ਵਾਰ ਭਾਰਤ-ਪਾਕਿਸਤਾਨ ਮੁਕਾਬਲੇ ਨੂੰ ਲੈ ਕੇ ਫੈਨਜ਼ ਵਿੱਚ ਪੁਰਾਣਾ ਜ਼ਬਰਦਸਤ ਜੋਸ਼ ਨਹੀਂ ਦੇਖਿਆ ਜਾ ਰਿਹਾ। ਆਮ ਤੌਰ ‘ਤੇ ਦੋਵਾਂ ਦੇਸ਼ਾਂ ਦੀ ਟੱਕਰ ਦੀਆਂ ਟਿਕਟਾਂ ਘੰਟਿਆਂ ਵਿੱਚ ਹੀ ਵਿਕ ਜਾਂਦੀਆਂ ਸਨ, ਪਰ ਇਸ ਵਾਰ ਕਈ ਸਟੈਂਡਾਂ ਦੀਆਂ ਟਿਕਟਾਂ ਅਜੇ ਵੀ ਉਪਲਬਧ ਹਨ। 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਵਿੱਚ 26 ਭਾਰਤੀ ਨਾਗਰਿਕਾਂ ਦੀ ਹੱਤਿਆ ਹੋਈ ਸੀ, ਜਿਸ ਤੋਂ ਬਾਅਦ ਦੇਸ਼ ਵਿੱਚ ਪਾਕਿਸਤਾਨ ਪ੍ਰਤੀ ਗੁੱਸਾ ਵਧ ਗਿਆ ਹੈ। ਇਹੀ ਕਾਰਨ ਹੈ ਕਿ ਏਸ਼ੀਆ ਕੱਪ ਦੇ ਇਸ ਹਾਈਵੋਲਟੇਜ ਮੈਚ ਨੂੰ ਲੈ ਕੇ ਵੀ ਮਾਹੌਲ ਪਹਿਲਾਂ ਵਰਗਾ ਨਹੀਂ ਹੈ।