ਸਰੀ, 12 ਸਤੰਬਰ 2025 – ਕੈਨੇਡਾ ਦੇ ਸ਼ਹਿਰ ਸਰੀ ਵਿਖੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿੱਚ ਪਿੰਡ ਦੌਲਤਪੁਰ ਦੀ ਸਮੂਹ ਸੰਗਤ ਵੱਲੋਂ ਸ਼ਹੀਦ ਬਬਰ ਕਰਮ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਯਾਦ ਵਿੱਚ ਇੱਕ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਅਤੇ ਇਤਿਹਾਸਕ ਵਿਚਾਰਾਂ ਦੀ ਰੌਣਕ ਹੋਈ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਗਾ ਕੇ ਬਬਰ ਅਕਾਲੀ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ‘ਤੇ ਡਾ. ਗੁਰਵਿੰਦਰ ਸਿੰਘ ਨੇ ਬੋਲਦਿਆਂ ਬਬਰ ਅਕਾਲੀ ਲਹਿਰ ਅਤੇ ਸ਼ਹੀਦ ਭਾਈ ਕਰਮ ਸਿੰਘ ਬਬਰ ਦੇ ਸੰਘਰਸ਼ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਕਰਮ ਸਿੰਘ 102 ਸਾਲ ਪਹਿਲਾਂ ਐਬਸਫੋਰਡ ਤੋਂ ਪੰਜਾਬ ਜਾ ਕੇ ਅੰਗਰੇਜ਼ੀ ਹਕੂਮਤ ਖ਼ਿਲਾਫ਼ ਸ਼ਹੀਦ ਹੋਏ ਮਹਾਨ ਯੋਧੇ ਸਨ। ਉਹ ਬਬਰ ਅਕਾਲੀ ਲਹਿਰ ਦੇ “ਚੀਫ਼ ਐਡੀਟਰ” ਸਨ ਅਤੇ ਇਸ ਜਥੇਬੰਦੀ ਨੂੰ “ਬਬਰ ਅਕਾਲੀ” ਨਾਂ ਵੀ ਉਹਨਾਂ ਦੀ ਹੀ ਦੇਣ ਸੀ।
ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਭਾਈ ਕਰਮ ਸਿੰਘ, ਉਹਨਾਂ ਦੇ ਭਰਾ ਭਾਈ ਸਿੰਘ ਥਾਂਦੀ ਅਤੇ ਪੇਂਡੂ ਭਰਾ ਸੁੰਦਰ ਸਿੰਘ ਥਾਂਦੀ ਦੀ ਐਬਸਫੋਰਡ ਦੇ ਸਾਊਥ ਫ੍ਰੇਜ਼ਰ ਵੇਅ ‘ਤੇ ਸਾਂਝੀ ਜ਼ਮੀਨ ਸੀ, ਜਿਸ ਨੂੰ ਉਹਨਾਂ ਸਿੱਖ ਕੌਮ ਅਤੇ ਗੁਰਦੁਆਰਾ ਸਾਹਿਬ ਲਈ ਭੇਟ ਕੀਤਾ। ਕਰਮ ਸਿੰਘ ਨੇ ਆਪਣੇ ਸਾਥੀਆਂ ਨੂੰ ਵਸੀਅਤ ਕੀਤੀ ਸੀ ਕਿ ਜੇ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ ਤਾਂ ਇਸ ਜ਼ਮੀਨ ‘ਤੇ ਗੁਰਦੁਆਰਾ ਸਾਹਿਬ ਉਸਾਰਿਆ ਜਾਵੇ।
ਪੰਜਾਬ ਵਾਪਸੀ ਤੋਂ ਬਾਅਦ ਕਰਮ ਸਿੰਘ ਨੇ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਜੰਗੀ ਸੰਘਰਸ਼ ਸ਼ੁਰੂ ਕੀਤਾ ਅਤੇ 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿੱਚ ਪੁਲਿਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ। ਇਸ ਮੁਕਾਬਲੇ ਵਿੱਚ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟ ਨੇ ਵੀ ਸ਼ਹੀਦੀਆਂ ਪਾਈਆਂ। ਇਹਨਾਂ ਬਬਰ ਅਕਾਲੀ ਯੋਧਿਆਂ ਦਾ ਸ਼ਹੀਦੀ ਅਸਥਾਨ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਨਾਲ ਸੰਬੰਧਿਤ ਗੁਰਦੁਆਰਾ ਚੌਂਤਾਂ ਸਾਹਿਬ ਹੈ।
ਉਹਨਾਂ ਦੀ ਇੱਛਾ ਅਨੁਸਾਰ ਐਬਸਫੋਰਡ ਵਿਖੇ ਉਹਨਾਂ ਅਤੇ ਥਾਂਦੀ ਭਰਾਵਾਂ ਦੀ ਜ਼ਮੀਨ ‘ਤੇ 1982 ਵਿੱਚ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਉਸਾਰਿਆ ਗਿਆ। ਸਮਾਗਮ ਦੇ ਅੰਤ ‘ਤੇ ਦੌਲਤਪੁਰ ਵਾਸੀਆਂ ਵੱਲੋਂ ਡਾ. ਗੁਰਵਿੰਦਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।