ਅਜਨਾਲਾ ਦੇ ਪਿੰਡ ਸੁਧਾਰ ਵਿੱਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਭੰਗੂ ਹਸਪਤਾਲ ਦੇ ਮਾਲਕ ਡਾ. ਕੁਲਵਿੰਦਰ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਉਹ ਗੰਭੀਰ ਜ਼ਖਮੀ ਹੋਏ ਅਤੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹਨ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ।
ਚਸ਼ਮਦੀਦਾਂ ਮੁਤਾਬਕ ਤਿੰਨ ਹਮਲਾਵਰਾਂ ਨੇ ਦਵਾਈ ਲੈਣ ਦੇ ਬਹਾਨੇ ਡਾਕਟਰ ਦੇ ਨੇੜੇ ਜਾ ਕੇ ਪੰਜ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਦੋ ਲੱਗੀਆਂ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰ ਨੂੰ ਪਹਿਲਾਂ ਵੀ ਧਮਕੀਆਂ ਮਿਲਦੀਆਂ ਰਹੀਆਂ ਹਨ। ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਹੈ।