ਚੰਡੀਗੜ੍ਹ, 7 ਸਤੰਬਰ 2025 – ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਵਿਚ ਹੁਣ ਜਿੰਦਗੀ ਹੌਲੀ-ਹੌਲੀ ਪਟੜੀ 'ਤੇ ਪਰਤ ਰਹੀ ਹੈ। ਭਾਵੇਂ ਹੜ੍ਹਾਂ ਨੇ ਹਜ਼ਾਰਾਂ ਪਿੰਡਾਂ ਅਤੇ ਲੱਖਾਂ ਏਕੜ ਖੇਤਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ 40 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ, ਪਰ ਰਾਜ ਸਰਕਾਰ ਨੇ ਸਿੱਖਿਆ ਦੇ ਮੈਦਾਨ ਵਿੱਚ ਇਕ ਵੱਡਾ ਕਦਮ ਚੁੱਕਿਆ ਹੈ।
ਉੱਚ ਸਿੱਖਿਆ ਵਿਭਾਗ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਰਾਜ ਦੇ ਸਾਰੇ ਕਾਲਜ, ਯੂਨੀਵਰਸਿਟੀਆਂ, ਤਕਨੀਕੀ ਸਿਖਲਾਈ ਸੰਸਥਾਨ ਅਤੇ ਹੋਰ ਵਿੱਦਿਅਕ ਅਦਾਰੇ ਭਲਕੇ 8 ਸਤੰਬਰ ਤੋਂ ਮੁੜ ਖੋਲ੍ਹ ਦਿੱਤੇ ਜਾਣਗੇ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਸਾਰੇ ਮੁਖੀਆਂ ਅਤੇ ਪ੍ਰਬੰਧਕ ਕਮੇਟੀਆਂ ਨੂੰ ਹਦਾਇਤ ਦਿੱਤੀ ਕਿ ਜਿੱਥੇ ਵੀ ਹੜ੍ਹਾਂ ਦੌਰਾਨ ਪਾਣੀ ਭਰਿਆ ਹੋਇਆ ਹੈ, ਉਸਦੀ ਨਿਕਾਸੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ, ਵਿੱਦਿਅਕ ਅਦਾਰਿਆਂ ਵਿਚਲੀ ਘਾਹ-ਬੂਟੀ ਦੀ ਸਫ਼ਾਈ ਕਰਵਾ ਕੇ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ।
👉 ਇਸ ਨਾਲ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਸਿੱਖਿਆ ਪ੍ਰਣਾਲੀ ਦੁਬਾਰਾ ਪੂਰੀ ਤਰ੍ਹਾਂ ਪਟੜੀ 'ਤੇ ਆਵੇਗੀ ਅਤੇ ਹੜ੍ਹਾਂ ਨਾਲ ਬਦਲੇ ਹਾਲਾਤਾਂ ਵਿਚ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਬਣਿਆ ਰਹੇਗਾ।