ਲੁਧਿਆਣਾ, 5 ਸਤੰਬਰ 2025 — ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਦੂਰ ਪਹੁੰਚ ਗਿਆ ਹੈ ਅਤੇ ਡੈਮ ਵਿਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਸਤਲੁਜ ਦਰਿਆ ਦੇ ਕਈ ਇਲਾਕਿਆਂ ਵਿੱਚ ਬੰਨ੍ਹਾਂ ‘ਤੇ ਤੇਜ਼ ਵਹਾਅ ਦਾ ਦਬਾਅ ਬਣਿਆ ਹੋਇਆ ਹੈ। ਖ਼ਾਸ ਕਰਕੇ ਲੁਧਿਆਣਾ ਪੂਰਬ ਦੇ ਸਸਰਾਲੀ ਪਿੰਡ ਨੇੜੇ ਬੰਨ੍ਹ ਬਹੁਤ ਗੰਭੀਰ ਦਬਾਅ ਹੇਠ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਬੰਨ੍ਹਾਂ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ ਤਾਂ ਸਸਰਾਲੀ, ਬੂੰਟ, ਰਾਵਤ, ਹਵਾਸ, ਸੀੜਾ, ਬੂਥਗੜ੍ਹ, ਮੰਗਲੀ ਟਾਂਡਾ, ਢੇਰੀ, ਖਵਾਜਕੇ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗਟ ਅਤੇ ਮਿਹਰਬਾਨ ਵਰਗੇ ਪਿੰਡ ਪਾਣੀ ਨਾਲ ਘਿਰ ਸਕਦੇ ਹਨ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ ਗਈ ਹੈ। ਦੋ ਮੰਜ਼ਿਲਾਂ ਵਾਲੇ ਘਰਾਂ ਦੇ ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਪਹਿਲੀ ਮੰਜ਼ਿਲ ‘ਤੇ ਹੀ ਰਹਿਣ। ਜਿਹੜੇ ਲੋਕ ਹੇਠਲੇ ਇਲਾਕਿਆਂ ਜਾਂ ਇਕ ਮੰਜ਼ਿਲੇ ਘਰਾਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਕਿਹਾ ਗਿਆ ਹੈ। ਨਾਗਰਿਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਆਪਣੇ ਜ਼ਰੂਰੀ ਕਾਗਜ਼ਾਤ ਅਤੇ ਮਹੱਤਵਪੂਰਨ ਸਮਾਨ ਪਾਣੀ-ਰੋਧੀ ਬੈਗਾਂ ਵਿੱਚ ਰੱਖਣ ਤਾਂ ਜੋ ਲੋੜ ਪੈਣ ‘ਤੇ ਤੁਰੰਤ ਨਾਲ ਲਿਜਾਇਆ ਜਾ ਸਕੇ। ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਕਿਹਾ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਰੈਸਕਿਊ ਸੈਂਟਰ ਵੀ ਬਣਾਏ ਗਏ ਹਨ ਜਿਨ੍ਹਾਂ ਵਿੱਚ ਰਾਹੋਂ ਰੋਡ ‘ਤੇ ਗੌਂਸਗੜ੍ਹ ਸਤਿਸੰਗ ਘਰ, ਚੰਡੀਗੜ੍ਹ ਰੋਡ ‘ਤੇ ਮੁੰਡੀਆਂ ਸਤਿਸੰਗ ਘਰ, ਟਿੱਬਾ ਰੋਡ ‘ਤੇ ਸਤਿਸੰਗ ਘਰ, ਕੈਲਾਸ਼ ਨਗਰ ਸਤਿਸੰਗ ਘਰ, ਪਿੰਡ ਸਸਰਾਲੀ ਨੇੜੇ ਰਾਧਾ ਸੁਆਮੀ ਸੈਂਟਰ, ਖਾਸੀ ਕਲਾਂ ਮੰਡੀ ਅਤੇ ਸਕੂਲ, ਭੂਖੜੀ ਸਕੂਲ, ਮੱਤੇਵਾੜਾ ਸਕੂਲ ਅਤੇ ਮੱਤੇਵਾੜਾ ਮੰਡੀ ਸ਼ਾਮਲ ਹਨ।
ਐਮਰਜੈਂਸੀ ਦੀ ਸਥਿਤੀ ਵਿੱਚ ਲੋਕ ਫਲੱਡ ਕੰਟਰੋਲ ਰੂਮ ਦੇ ਨੰਬਰ 0161-2433100 ਜਾਂ ਪੁਲਿਸ ਹੈਲਪਲਾਈਨ 112 ‘ਤੇ ਸੰਪਰਕ ਕਰ ਸਕਦੇ ਹਨ।