ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਵਲੇਸ਼ਾਹ ਉਤਾੜ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਪਾਣੀ ਨਾਲ ਭਰੇ ਖੇਤ ਵਿੱਚੋਂ ਸਮਾਨ ਕੱਢਣ ਗਏ ਕਿਸਾਨ ਦੀ ਬਿਜਲੀ ਦੇ ਖੰਭੇ ਹੇਠ ਆਉਣ ਨਾਲ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ 58 ਸਾਲਾ ਦਿਆਲ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ, ਖੇਤ ਵਿੱਚ ਬाढ़ ਦਾ ਪਾਣੀ ਭਰ ਜਾਣ ਕਾਰਨ ਦਿਆਲ ਸਿੰਘ ਆਪਣਾ ਸਮਾਨ ਕੱਢਣ ਗਏ ਸਨ। ਇਸ ਦੌਰਾਨ ਅਚਾਨਕ ਇੱਕ ਬਿਜਲੀ ਦਾ ਖੰਭਾ ਡਿੱਗ ਪਿਆ ਜੋ ਸਿੱਧਾ ਉਸਦੇ ਸਿਰ ‘ਤੇ ਆ ਵੱਜਾ। ਗੰਭੀਰ ਸੱਟਾਂ ਲੱਗਣ ਕਾਰਨ ਉਸਨੂੰ ਫੌਰੀ ਤੌਰ ‘ਤੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਡਾਕਟਰਾਂ ਨੇ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ। ਪਰਿਵਾਰਕ ਮੈਂਬਰ ਉਸਨੂੰ ਲੈ ਕੇ ਜਾ ਰਹੇ ਸਨ ਕਿ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ, ਜਦਕਿ ਪਰਿਵਾਰ ਨੇ ਸਰਕਾਰ ਕੋਲ ਵਿੱਤੀ ਮਦਦ ਦੀ ਮੰਗ ਕੀਤੀ ਹੈ।