ਸ੍ਰੀ ਅੰਮ੍ਰਿਤਸਰ ਸਾਹਿਬ, 4 ਸਤੰਬਰ 2025 — ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਨੇ ਬਾਪੂ ਤਰਸੇਮ ਸਿੰਘ ਅਤੇ ਦਾਖਾ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਮਿਲ ਕੇ ਹੜ੍ਹ ਨਾਲ ਬਹੁਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।
ਬੀਬੀ ਸਤਵੰਤ ਕੌਰ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਪੰਜਾਬ ਦੇ ਲੋਕਾਂ ਨੇ ਇਕਤਾ ਅਤੇ ਸੇਵਾ ਭਾਵਨਾ ਨਾਲ ਜੋ ਉਦਾਹਰਣ ਪੇਸ਼ ਕੀਤੀ ਹੈ, ਉਹ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦਾ ਜਜ਼ਬਾ ਸਾਬਤ ਕਰ ਰਿਹਾ ਹੈ ਕਿ ਪੰਜਾਬ ਸਿਰਫ਼ ਉੱਡਦਾ ਨਹੀਂ, ਸਗੋਂ ਸੰਭਲਿਆ ਹੋਇਆ ਪੰਜਾਬ ਵੀ ਹੈ।
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਨੇ ਸਿਆਸੀ ਵੰਡਾਂ ਤੋਂ ਉੱਪਰ ਉਠ ਕੇ ਏਕਤਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਟੀਮਾਂ ਬਣਾ ਕੇ ਰਾਹਤ ਕੈਂਪਾਂ ਰਾਹੀਂ ਪੀੜਤ ਪਰਿਵਾਰਾਂ ਦੀ ਮਦਦ ਕਰਨ। ਇਸ ਦੇ ਨਾਲ, ਉਨ੍ਹਾਂ ਐਨਆਰਆਈਜ਼ ਨੂੰ ਵੀ ਅੱਗੇ ਆਉਣ ਲਈ ਕਿਹਾ, ਕਿਉਂਕਿ ਅੱਜ ਮਦਦ ਦੀ ਸਭ ਤੋਂ ਵੱਧ ਲੋੜ ਹੈ।
ਬਾਪੂ ਤਰਸੇਮ ਸਿੰਘ ਨੇ ਇਸ ਕੁਦਰਤੀ ਆਫ਼ਤ ਨੂੰ ਇਕ ਵੱਡੀ ਚੁਣੌਤੀ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਵਿੱਤੀ ਸਹਾਇਤਾ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਮਿਲੇ ਤਾਂ ਉਹ ਆਪਣੇ ਹਲਕੇ ਖਡੂਰ ਸਾਹਿਬ ਦੇ ਪ੍ਰਭਾਵਿਤ ਲੋਕਾਂ ਦੀ ਸਿੱਧੀ ਸੇਵਾ ਕਰ ਸਕਣਗੇ।