ਸ੍ਰੀ ਆਨੰਦਪੁਰ ਸਾਹਿਬ, 4 ਸਤੰਬਰ:
ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਖੇਤਰ ਵਿੱਚ ਹੜ੍ਹਾਂ ਦਾ ਖ਼ਤਰਾ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪਿੰਡ ਚੰਦਪੁਰ ਬੇਲਾ ਲਗਾਤਾਰ ਵਧ ਰਹੇ ਪਾਣੀ ਕਾਰਨ ਸ਼ਹਿਰ ਨਾਲ ਸੰਪਰਕ ਤੋਂ ਕੱਟ ਗਿਆ ਹੈ। ਗੱਜਪੁਰ ਬੇਲਾ, ਚੰਦਪੁਰ ਬੇਲਾ ਅਤੇ ਹਰੀਵਾਲ ਵਿੱਚ ਸੜਕਾਂ ’ਤੇ ਪਾਣੀ ਆ ਚੁੱਕਾ ਹੈ।
ਜਾਣਕਾਰੀ ਮੁਤਾਬਕ, ਭਾਖੜਾ ਡੈਮ ਤੋਂ ਛੱਡਿਆ ਗਿਆ ਵਧੀਕ ਪਾਣੀ ਸ਼ਾਮ ਲਗਭਗ 5 ਵਜੇ ਸ੍ਰੀ ਆਨੰਦਪੁਰ ਸਾਹਿਬ ਖੇਤਰ ਵਿੱਚ ਪਹੁੰਚੇਗਾ, ਜਿਸ ਨਾਲ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ। ਹੜ੍ਹ ਕਾਰਨ ਖ਼ਾਸ ਤੌਰ ’ਤੇ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ
ਭਾਖੜਾ ਡੈਮ ਦੇ ਫਲੱਡ ਗੇਟ 10-10 ਫੁੱਟ ਤੱਕ ਖੋਲ੍ਹੇ ਗਏ ਹਨ ਅਤੇ ਵਧੀਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਹੇਠਲੇ ਇਲਾਕਿਆਂ ਵਿੱਚ ਪਾਣੀ ਹੋਰ ਵਧਣ ਦੀ ਚੇਤਾਵਨੀ ਦਿੱਤੀ ਗਈ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਦੌਰਾ
ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਭਾਵਿਤ ਹਿੱਸਿਆਂ ਦਾ ਜਾਇਜ਼ਾ ਲਿਆ ਅਤੇ ਪਿੰਡ ਮੌਜੋਵਾਲ ਸਮੇਤ ਹੋਰ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਜਾਣ ਦੀ ਅਪੀਲ ਕੀਤੀ। ਮੰਤਰੀ ਬੇਲਾ ਧਿਆਨੀ ਅੱਪਰ ਅਤੇ ਬੇਲਾ ਧਿਆਨੀ ਗੁੱਜਰ ਬਸਤੀ ਵੀ ਪਹੁੰਚੇ ਅਤੇ ਹੜ੍ਹ ਪ੍ਰਬੰਧਾਂ ਦੀ ਸਮੀਖਿਆ ਕੀਤੀ।