ਜਲਾਲਾਬਾਦ, 4 ਸਤੰਬਰ –
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਨੇ ਅੱਜ ਘੁਰਕਾ ਅਤੇ ਢਾਣੀ ਮੋਹਨਾ ਰਾਮ ਪਿੰਡਾਂ ਦਾ ਦੌਰਾ ਕਰਕੇ ਇੱਥੇ ਚੱਲ ਰਹੇ ਹੜ੍ਹ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਪੀੜਤ ਰਾਹਤ ਸਮੱਗਰੀ ਤੋਂ ਵਾਂਝਾ ਨਾ ਰਹੇ।
ਲੋਕਾਂ ਨੂੰ ਵੰਡੀਆਂ ਮੱਛਰਦਾਨੀਆਂ
ਦੌਰੇ ਦੌਰਾਨ ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਮੱਛਰਦਾਨੀਆਂ ਵੰਡੀਆਂ ਅਤੇ ਅਪੀਲ ਕੀਤੀ ਕਿ ਲੋਕ ਪਾਣੀ ਤੋਂ ਦੂਰ ਸੁਰੱਖਿਅਤ ਰਾਹਤ ਕੈਂਪਾਂ ਵਿੱਚ ਰਹਿਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਜਾਂ ਖ਼ਤਰੇ ਤੋਂ ਬਚਿਆ ਜਾ ਸਕੇ।
ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਵੰਡ
ਐ.ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਵਿੱਚ 7585 ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ। ਇਸ ਤੋਂ ਇਲਾਵਾ ਪਸ਼ੂਆਂ ਲਈ 4298 ਬੈਗ ਕੈਟਲ ਫੀਡ ਵੀ ਵੰਡਿਆ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ।
ਕੰਟਰੋਲ ਰੂਮ ਨਾਲ ਸੰਪਰਕ ਕਰਨ ਦੀ ਅਪੀਲ
ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਪ੍ਰਭਾਵਿਤ ਪਰਿਵਾਰ ਨੂੰ ਹੋਰ ਜਾਣਕਾਰੀ ਜਾਂ ਮਦਦ ਦੀ ਲੋੜ ਹੋਵੇ, ਤਾਂ ਉਹ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਦੇ ਨੰਬਰ 01638-262153 ‘ਤੇ ਸੰਪਰਕ ਕਰ ਸਕਦੇ ਹਨ।