ਨਿਊਯਾਰਕ, 3 ਸਤੰਬਰ (ਰਾਜ ਗੋਗਨਾ)- ਬੀਤੇਂ ਦਿਨ ਤੈਰਾਕੀ ਕਰਨ ਗਏ ਫਲੋਰੀਡਾ ਦੇ ਮਾਨਾਟੀ ਕਾਉਂਟੀ ਵਿੱਚ ਇੱਕ 20 ਸਾਲਾ ਭਾਰਤੀ- ਗੁਜਰਾਤੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਮ ਅਭਿਗਿਆਨ ਪਟੇਲ ਸੀ, ਉਸ ਦੀ ਲਾਸ਼ ਅੰਨਾ ਮਾਰੀਆ ਟਾਪੂ ਦੇ ਬੀਨ ਪੁਆਇੰਟ ਬੀਚ 'ਤੇ ਮਿਲੀ ਸੀ। ਮ੍ਰਿਤਕ ਅਭਿਗਿਆਨ ਪਟੇਲ ਸ਼ਾਮ ਦੇ 7:00 ਵਜੇ ਦੇ ਕਰੀਬ ਆਪਣੇ ਇੱਕ ਦੋਸਤ ਨਾਲ ਸਮੁੰਦਰ ਵਿੱਚ ਤੈਰਾਕੀ ਕਰਨ ਗਿਆ ਸੀ। ਹਾਲਾਂਕਿ, ਉਸ ਸਮੇਂ, ਇੱਕ ਲਹਿਰ ਨੌਜਵਾਨ ਨੂੰ ਸਮੁੰਦਰ ਦੇ ਡੂੰਘੇ ਪਾਣੀ ਵਿੱਚ ਖਿੱਚ ਕੇ ਲੈ ਗਈ ਅਤੇ ਤੈਰਨਾ ਜਾਣਨ ਦੇ ਬਾਵਜੂਦ, ਉਹ ਅਚਾਨਕ ਹੀ ਡੁੱਬਣ ਲੱਗ ਪਿਆ। ਅਭਿਗਿਆਨ ਪਟੇਲ ਦੇ ਨਾਲ, ਉਸ ਦਾ ਦੋਸਤ ਵੀ ਡੂੰਘੇ ਪਾਣੀ ਵਿੱਚ ਡਿੱਗ ਪਿਆ ਪਰ ਉਸ ਨੂੰ ਬਚਾ ਲਿਆ ਗਿਆ, ਜਦੋਂ ਕਿ ਹਨੇਰਾ ਹੋਣ ਤੋਂ ਬਾਅਦ ਅਭਿਗਿਆਨ ਪਟੇਲ ਦੀ ਭਾਲ ਛੱਡ ਦਿੱਤੀ ਗਈ ਅਤੇ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਯੂ• ਐਸ ਕੋਸਟ ਗਾਰਡ ਸਾਊਥਵੈਸਟ ਵੀ ਅਭਿਗਿਆਨ ਪਟੇਲ ਦੀ ਭਾਲ ਵਿੱਚ ਸ਼ਾਮਲ ਸੀ, ਅਤੇ ਕੋਸਟ ਗਾਰਡ ਦੁਆਰਾ ਉਸ ਦੇ ਲਾਪਤਾ ਹੋਣ ਬਾਰੇ ਇੱਕ ਪੋਸਟ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਸੀ। ਹਾਲਾਂਕਿ, ਅਭਿਗਿਆਨ ਪਟੇਲ ਦੀ ਲਾਸ਼ ਘਟਨਾ ਤੋਂ ਕੁਝ ਘੰਟਿਆਂ ਬਾਅਦ ਸ਼ਾਮ ਨੂੰ, ਯਾਨੀ ਸੋਮਵਾਰ ਦੁਪਹਿਰ ਨੂੰ ਮਿਲੀ। ਸ਼ੈਰਿਫ਼ ਦਫ਼ਤਰ ਦੇ ਅਨੁਸਾਰ, ਮ੍ਰਿਤਕ ਨੌਜਵਾਨ ਲੇਕਲੈਂਡ ਦਾ ਰਹਿਣ ਵਾਲਾ ਸੀ ਅਤੇ ਇੱਕ ਹਵਾਬਾਜ਼ੀ ਦਾ ਵਿਦਿਆਰਥੀ ਸੀ। ਉਹ ਹਵਾਬਾਜ਼ੀ ਸਕੂਲ ਦੇ ਪੰਜ ਵਿਦਿਆਰਥੀਆਂ ਨਾਲ ਅੰਨਾ ਮਾਰੀਆ ਟਾਪੂ ਦੇਖਣ ਆਇਆ ਸੀ ਅਤੇ ਇੱਕ ਦੋਸਤ ਨਾਲ ਤੈਰਾਕੀ ਕਰਨ ਗਿਆ ਸੀ। ਅਭਿਗਿਆਨ ਪਟੇਲ ਦੇ ਪਰਿਵਾਰ ਨੂੰ ਵੀ ਉਸਦੀ ਮੌਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ, ਅਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲ ਸਕੀ ਕਿ ਅਭਿਗਿਆਨ ਅਮਰੀਕੀ ਨਾਗਰਿਕ ਸੀ ਜਾਂ ਵਿਦਿਆਰਥੀ ਵੀਜ਼ੇ 'ਤੇ ਅਮਰੀਕਾ ਵਿੱਚ ਰਹਿ ਰਿਹਾ ਸੀ।