ਫ਼ਰੀਦਕੋਟ --ਭਾਰਤੀ ਕਮਿਊਨਿਸਟ ਪਾਰਟੀ ਜਿਲਾ ਫ਼ਰੀਦਕੋਟ ਵੱਲੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਹਾਲੀਆ ਹੜਾਂ ਕਾਰਨ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ 'ਤੇ ਭਾਰੀ ਚਿੰਤਾ ਪ੍ਰਗਟ ਕੀਤੀ ਗਈ। ਪਾਰਟੀ ਦੇ ਜਿਲਾ ਸੈਕਟਰੀ ਅਸ਼ੋਕ ਕੌਸ਼ਲ, ਮੀਤ ਸਕੱਤਰ ਕਾਮਰੇਡ ਗੁਰਨਾਮ ਸਿੰਘ ਸਰਪੰਚ, ਹਰਪਾਲ ਮਚਾਕੀ, ਮਾਸਟਰ ਗੁਰਚਰਨ ਸਿੰਘ ਮਾਨ, ਵੀਰ ਸਿੰਘ ਕੰਮੇਆਣਾ ਜ਼ਿਲਾ ਨਰੇਗਾ ਮਜ਼ਦੂਰ ਯੂਨੀਅਨ ਅਤੇ ਸੁਖਜਿੰਦਰ ਸਿੰਘ ਤੂੰਬੜਭੰਨ ਕਿਸਾਨ ਆਗੂ ਨੇ ਕਿਹਾ ਕਿ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਜਿੱਥੇ ਬਦਲ ਫਟਣ, ਢਿੱਗਾਂ ਡਿੱਗਣ ਅਤੇ ਡੈਮਾਂ ਦੇ ਗੇਟ ਖੋਲ੍ਹਣ ਕਾਰਨ ਦਰਿਆਵਾਂ ਵਿੱਚ ਆਏ ਹੜਾਂ ਦੇ ਸ਼ੂਕਦੇ ਪਾਣੀ ਨਾਲ ਸੜਕਾਂ, ਪੁਲਾਂ, ਮਕਾਨਾਂ ਅਤੇ ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦੇ ਨਾਲ-ਨਾਲ ਪਸ਼ੂਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਪਰ ਅਫਸੋਸ ਦੀ ਗੱਲ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਈ। ਕਮਿਊਨਿਸਟ ਆਗੂਆਂ ਨੇ ਮੰਗ ਕੀਤੀ ਕਿ ਉੱਤਰੀ ਰਾਜਾਂ ਵਿੱਚ ਹੋਈ ਜਾਨ-ਮਾਲ ਦੀ ਇਸ ਵਿਆਪਕ ਤਬਾਹੀ ਨੂੰ ਕੌਮੀ ਆਫਤ ਐਲਾਨ ਕੀਤਾ ਜਾਵੇ ਅਤੇ ਸਾਰੇ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਪੰਜਾਬ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਉਨਾਂ ਪੂਰੀ ਤਬਾਹ ਹੋਈ ਖੇਤੀ ਜਮੀਨ ਲਈ ਇਕ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ, ਖੇਤ ਮਜ਼ਦੂਰ ਪਰਿਵਾਰਾਂ ਲਈ ਤੀਹ ਹਜ਼ਾਰ ਰੁਪਏ ਅਤੇ ਨੁਕਸਾਨੇ ਗਏ ਮਕਾਨਾਂ ਲਈ ਵੀ ਇੱਕ ਲੱਖ ਰੁਪਏ ਤੁਰੰਤ ਮਦਦ ਦੀ ਮੰਗ ਕੀਤੀ। ਇਸ ਸਮੇਂ ਕਾਮਰੇਡ ਮੁਖਤਿਆਰ ਸਿੰਘ ਭਾਣਾ, ਬਲਕਾਰ ਸਿੰਘ ਸਹੋਤਾ ਨੇ ਮੰਗ ਕੀਤੀ ਕਿ ਲਗਾਤਾਰ ਬਾਰਸ਼ਾਂ ਕਾਰਨ ਜਿੰਨਾਂ ਮਜ਼ਦੂਰ ਪਰਿਵਾਰਾਂ ਦੇ ਮਕਾਨਾਂ ਦੀ ਛੱਤ ਡਿੱਗਣ ਜਾਂ ਹੋਰ ਨੁਕਸਾਨ ਹੋਇਆ ਹੈ, ਉਨਾਂ ਦੀ ਰਜਿਸਟਰੀ ਦੀ ਸ਼ਰਤ ਬਿਨਾਂ ਇਕ ਲੱਖ ਰੁਪਏ ਮਦਦ ਕੀਤੀ ਜਾਵੇ। ਇਕ ਮਤਾ ਪਾਸ ਕਰਕੇ ਹੜਾਂ ਕਾਰਨ ਹੋਏ ਨੁਕਸਾਨ ਦੀ ਉਚ ਪਧਰੀ ਜਾਂਚ ਕਰਵਾ ਕੇ ਅਣਗਹਿਲੀ ਦੇ ਦੋਸ਼ੀ ਪਾਏ ਗਏ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਗਈ।