ਮਨੁੱਖ ਦੇ ਜਨਮ ਤੋਂ ਲੈ ਕੇ ਉਸਦੇ ਇਸ ਧਰਤੀ ਤੋਂ ਰੁਖ਼ਸਤ ਹੋਣ ਤੱਕ ਉਸਨੂੰ ਜ਼ਿੰਦਗੀ ਦੀਆਂ ਤਿੰਨ ਅਵਸਥਾਵਾਂ ਵਿੱਚੋਂ ਗੁਜਰਣਾ ਪੈਂਦਾ ਹੈ,ਬਚਪਨ,ਜਵਾਨੀ ਅਤੇ ਬੁਢਾਪਾ।ਬਚਪਨ ਤੋਂ ਜਵਾਨੀ ਵਿੱਚ ਪੈਰ ਧਰਦਿਆਂ ਮਾਪਿਆਂ ਦੇ ਨਾਲ ਨਾਲ ਨੌਜਵਾਨਾਂ ਨੂੰ ਸਿੱਖਿਆ ਪ੍ਰਾਪਤ ਕਰਦੇ ਹੋਏ ਖੁਸ਼ਹਾਲ ਜ਼ਿੰਦਗੀ ਜਿਉਣ ਲਈ ਕਿੱਤੇ ਦੀ ਚੋਣ ਅਤੇ ਉਸ ਤੋਂ ਬਾਅਦ ਜੀਵਨ ਸਾਥੀ ਦੀ ਚੋਣ ਕਰਨ ਦਾ ਫੈਸਲਾ ਗੁੰਝਲਦਾਰ ਹੋਣ ਦੇ ਨਾਲ ਨਾਲ ਬਹੁਤ ਅਹਿਮੀਅਤ ਰੱਖਦੀ ਹੈ। ਅਜੋਕੇ ਸਮੇਂ ਵਿਆਹ ਦੇ ਮੁਹਾਂਦਰੇ ਬਦਲ ਕੇ ਭਾਵੇਂ ਲਿਵ ਇਨ ਰਿਲੇਸ਼ਨ ਦਾ ਰੂਪ ਲੈ ਰਹੇ ਹੋਣ ਪ੍ਰੰਤੂ ਅਜਿਹੇ ਰੀਤੀ ਰਿਵਾਜਾਂ ਨੂੰ ਸਮਾਜ਼ ਕਦੇ ਵੀ ਮਾਨਤਾ ਨਹੀਂ ਦਿੰਦਾ ਜਿਸਦਾ ਕੋਈ ਠੋਸ ਆਧਾਰ ਨਾ ਹੋਵੇ। ਆਪਣੇ ਪਰਿਵਾਰ ਅਤੇ ਆਪਣੇ ਗੁਰੂ ਦੀ ਹਜ਼ੂਰੀ ਵਿੱਚ ਚੁਣੇ ਜੀਵਨ ਸਾਥੀ ਅਤੇ ਨਿਭਾਈਆਂ ਰਸਮਾਂ ਹੀ ਮਰਦ ਅਤੇ ਔਰਤ ਨੂੰ ਇੱਕ ਹੋਣ ਦੀ ਮਾਨਤਾ ਦਿੰਦੇ ਹਨ।
ਵਿਆਹ ਕੇਵਲ ਇੱਕ ਸਮਾਜਿਕ ਸੰਸਕਾਰ ਨਹੀਂ ਸਗੋਂ ਧਰਮ ਦੇ ਰੀਤੀ ਰਿਵਾਜਾਂ ਦੇ ਬੰਧਨਾਂ ਨਾਲ ਬੱਝਿਆ ਇੱਕ ਮਹੱਤਵਪੂਰਨ ਧਾਰਮਿਕ ਸੰਸਕਾਰ ਵੀ ਹੈ। ਵਿਆਹ ਤੋਂ ਬਿਨਾਂ ਪਰਿਵਾਰ ਦਾ ਵਾਧਾ ਅਤੇ ਜੀਵਨ ਯਾਤਰਾ ਸਫ਼ਲ ਹੋਣੀ ਮੁਸ਼ਿਕਲਾਂ ਭਰਪੂਰ ਹੈ।ਆਨੰਦ ਕਾਰਜ, ਫੇਰੇ ਹੋਣ ਜਾਂ ਨਿਕਾਹ ਹੋਵੇ, ਵਿਆਹ ਮਜ਼ਬੂਤ ਧਾਗੇ ਵਾਲਾ ਪਵਿੱਤਰ ਰਿਸ਼ਤਾ ਹੁੰਦਾ ਹੈ।ਸਾਤ ਵਚਨ ਅਤੇ ਸਾਤ ਫ਼ੇਰੇ ਤੋਂ ਬਾਅਦ ਸੱਤ ਜਨਮ ਤੱਕ ਕਾਇਮ ਰੱਖਣ ਵਾਲਾ ਵਿਆਹ ਅੱਜ ਕੁੱਝ ਮਹੀਨੇ ਵੀ ਟਿਕਣਾ ਔਖਾ ਹੋ ਗਿਆ ਹੈ।ਸਮੇਂ ਦੇ ਵਹਾਅ ਅਤੇ ਭੱਜ ਦੌੜ ਵਿੱਚ ਵਾਧੇ ਨੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵਪਾਰ ਅਤੇ ਸਵਾਰਥੀ ਬਣਾ ਦਿੱਤਾ ਹੈ।ਹੁਣ ਵਿਆਹ ਨਹੀਂ ਹੁੰਦੇ,ਸੌਦੇ ਹੁੰਦੇ ਹਨ। ਮੁੰਡੇ ਵਾਲਿਆਂ ਵੱਲੋਂ ਮੁੰਡਿਆਂ ਦੀ ਬੋਲੀ ਲਗਾਈ ਜਾਂਦੀ ਹੈ ਅਤੇ ਕੁੜੀ ਵਾਲਿਆਂ ਵੱਲੋਂ ਮੁੰਡੇ ਦੀ ਕ਼ੀਮਤ ਕਰੋੜਾਂ ਰੁਪਏ ਦਾ ਦਾਜ ਦੇ ਕੇ ਚੁਕਾਈ ਜਾਂਦੀ ਹੈ। ਮਨੁੱਖ ਭੌਤਿਕ ਵਸਤਾਂ ਦੇ ਮੋਹ ਵਿੱਚ ਆ ਕੇ ਇਹ ਭੁੱਲ ਚੁੱਕਿਆ ਹੈ ਕਿ ਜਿਹੜੇ ਰਿਸ਼ਤਿਆ ਦੀ ਬੁਨਿਆਦ ਲਾਲਚ ਅਤੇ ਸਵਾਰਥ ਤੇ ਟਿਕੀ ਹੋਵੇਗੀ ਉਹ ਜ਼ਿਆਦਾ ਸਮਾਂ ਨਹੀਂ ਟਿਕਦੇ । ਅਜਿਹੇ ਵਿਆਹਾਂ ਵਿੱਚੋਂ ਪਿਆਰ, ਵਿਸ਼ਵਾਸ ਅਤੇ ਸਮਾਜਿਕ ਜ਼ਿੰਮੇਵਾਰੀਆਂ ਕਿਧਰੇ ਖੰਭ ਲਾ ਕੇ ਉੱਡ ਜਾਂਦੀਆਂ ਹਨ।ਪਿਛਲੇ ਕੁੱਝ ਦਿਨਾਂ ਤੋਂ ਸਾਡੇ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨੇ ਜਿਥੇ ਵਿਆਹ ਵਰਗੇ ਰਿਸ਼ਤਿਆਂ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਉਥੇ ਸਮਾਜ਼ ਸਾਹਮਣੇ ਟੁੱਟ ਰਹੇ ਵਿਆਹਾਂ ਦੀ ਸਮੱਸਿਆ ਨੂੰ ਵੀ ਗੰਭੀਰਤਾ ਨਾਲ ਉਭਾਰਿਆ ਹੈ।
ਸਭ ਤੋਂ ਪਹਿਲੀ ਘਟਨਾ ਇੰਦੋਰ ਦੇ ਕਾਰੋਬਾਰੀ ਰਾਜਾ ਰਘੂਵੰਸੀ ਦੀ ਹੈ ਜਿਸਦੀ ਪਤਨੀ ਸੋਨਮ ਨੇ ਮੇਘਾਲਿਆ ਵਿਖੇ ਹਨੀਮੂਨ ਦੌਰਾਨ ਆਪਣੇ ਪ੍ਰੇਮੀ ਅਤੇ ਉਸਦੇ ਦੋਸਤਾਂ ਨਾਲ ਮਿਲਕੇ ਰਾਜਾ ਰਘੂਵੰਸੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।ਦੂਜੀ ਘਟਨਾ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਰੂਸਰ ਦੀ ਹੈ ਜਿਥੇ ਇੱਕ ਔਰਤ ਨੇ ਸਹੁਰੇ ਪਰਿਵਾਰ ਨੂੰ ਰੋਟੀ ਵਿੱਚ ਜਹਿਰ ਪਾ ਕੇ ਖੁਆ ਦਿੱਤਾ।ਤੀਜੀ ਘਟਨਾ ਉੱਤਰ ਪ੍ਰਦੇਸ਼ ਦੇ ਬਦਾਯੂੰ ਦੀ ਹੈ ਜਿਥੇ ਵਿਆਹ ਤੋਂ ਕੁੱਝ ਦਿਨ ਬਾਅਦ ਲਾੜੀ ਆਪਣੇ ਪੁਰਾਣੇ ਪ੍ਰੇਮੀ ਨਾਲ ਭੱਜ ਗਈ,ਇੱਕ ਹੋਰ ਘਟਨਾ ਵਿੱਚ ਮਾਛੀਵਾੜਾ ਵਿਖੇ ਦਾਜ ਲਈ ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਵੱਲੋਂ ਆਤਮਦਾਹ ਕੀਤਾ ਗਿਆ, ਜਲੰਧਰ ਵਿਖੇ ਦੋ ਮਹੀਨੇ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਖੁਦਕੁਸ਼ੀ, ਰਾਜਸਥਾਨ ਦੇ ਅਲਵਰ ਵਿੱਚ ਵਿਆਹੁਤਾ ਨੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਨਾਲ ਸਾਜ਼ਿਸ਼ ਕਰਕੇ ਆਪਣੇ ਪਤੀ ਦਾ ਕਤਲ ਕੀਤਾ,ਅਜਿਹੀਆਂ ਹਜ਼ਾਰਾਂ ਹੀ ਘਟਨਾਵਾਂ ਹਰ ਰੋਜ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਵਿਆਹੁਤਾ ਜੀਵਨ ਵਿੱਚ ਆ ਰਹੀ ਦਰਾਰ ਅਤੇ ਵਾਪਰ ਰਹੀਆਂ ਅਣਸੁਖਾਵੀਂ ਘਟਨਾਵਾਂ ਰੌਂਗਟੇ ਖੜ੍ਹੇ ਕਰਨ ਦੇ ਨਾਲ ਨਾਲ ਬੁੱਧੀਜੀਵੀਆਂ ਨੂੰ ਚਿੰਤਾ ਅਤੇ ਚਿੰਤਨ ਕਰਨ ਲਈ ਮਜਬੂਰ ਕਰਦੀਆਂ ਹਨ।
ਲਵ ਮੈਰਿਜ ਹੋਵੇ ਜਾਂ ਪਰਿਵਾਰ ਦੀ ਸਹਿਮਤੀ ਨਾਲ ,ਵਿਆਹ ਤਾਂ ਵਿਆਹ ਹੀ ਹੈ,ਇਸਦੀ ਪਵਿੱਤਰਤਾ ਘਟਾਈ ਨਹੀਂ ਜਾ ਸਕਦੀ। ਕੁੱਝ ਲੋਕਾਂ ਦਾ ਕਥਨ ਹੈ ਕਿ ਸਮਾਂ ਬਦਲ ਚੁੱਕਿਆ ਹੈ ਮੁੰਡੇ ਕੁੜੀ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ ਪਰੰਤੂ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਲਵ ਮੈਰਿਜ ਵਿੱਚ ਵੀ ਪਰਿਵਾਰ ਦੀ ਸਹਿਮਤੀ ਲਈ ਜਾ ਸਕਦੀ ਹੈ ਪਰੰਤੂ ਨੌਜਵਾਨ ਪੀੜ੍ਹੀ ਨੂੰ ਇਹ ਸਮਝਣਾ ਹੋਵੇਗਾ ਕਿ ਜਲਦਬਾਜ਼ੀ ਵਿੱਚ ਲਏ ਫ਼ੈਸਲੇ ਅਕਸਰ ਨੁਕਸਾਨ ਪਹੁੰਚਾਉਂਦੇ ਹਨ। ਅਜੋਕੇ ਸਮੇਂ ਵਿੱਚ ਪ੍ਰੇਮ ਵਿਆਹ ਸਟੇਟਸ ਬਣ ਚੁੱਕਿਆ ਹੈ, ਦੇਖਾ ਦੇਖੀ ਹੋ ਰਹੇ ਬਹੁਤ ਸਾਰੇ ਪ੍ਰੇਮ ਵਿਆਹ ਚੰਗੇ ਗੁਣ ਜਾਂ ਸ਼ਖਸੀਅਤ ਨੂੰ ਦੇਖ ਕਿ ਨਹੀਂ , ਸਗੋਂ ਪੈਸੇ ਅਤੇ ਸ਼ੌਹਰਤ ਨੂੰ ਦੇਖ ਕੇ ਹੋ ਰਹੇ ਹਨ। ਮੇਰੇ ਆਪਣੇ ਹੀ ਇੱਕ ਰਿਸ਼ਤੇਦਾਰ ਜਿਸਨੂੰ ਛੇ ਕਿੱਲੇ ਜ਼ਮੀਨ ਆਉਂਦੀ ਸੀ ,ਨੇ ਆਪਣੀ ਧੀ ਦੇ ਵਿਆਹ ਲਈ ਜ਼ਮੀਨ ਵਾਲੇ ਲੜਕੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਸ ਨੂੰ ਇੱਕ ਲੜਕੇ ਦੀ ਦੱਸ ਪਾਈ ਜੋ ਸਰਕਾਰੀ ਨੌਕਰੀ ਲੱਗਿਆ,ਰੱਜ ਕੇ ਸੁਨੱਖਾ ਅਤੇ ਸਾਊ ਸੀ ਪਰੰਤੂ ਉਸ ਕੋਲ ਜ਼ਮੀਨ ਨਹੀਂ ਸੀ। ਮੇਰੇ ਰਿਸ਼ਤੇਦਾਰ ਨੇ ਇਸ ਰਿਸ਼ਤੇ ਨੂੰ ਜਵਾਬ ਦੇ ਦਿੱਤਾ, ਉਹ ਕਹਿੰਦਾ ਇੱਕ ਕੁੜੀ ਹੈ ਮੇਰੇ ਕੋਲ, ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਮੇਰੀ ਜ਼ਮੀਨ ਲੱਗਦੀ ਹੈ ,ਵਿਆਹ ਤੇ ਪੈਸਾ ਵੀ ਚੰਗਾ ਲਾ ਦਿਆਂਗੇ ਪ੍ਰੰਤੂ ਰਿਸ਼ਤਾ ਜ਼ਮੀਨ ਵਾਲੇ ਨੂੰ ਹੀ ਕਰਾਂਗੇ। ਆਖ਼ਿਰ ਉਸਨੇ ਪੰਦਰਾਂ ਕਿੱਲਿਆਂ ਦੀ ਮਾਲਕੀ ਵਾਲਾ ਇਕਲੌਤਾ ਮੁੰਡਾ ਲੱਭ ਕੇ ਧੂਮ ਧਾਮ ਨਾਲ ਵਿਆਹ ਕਰ ਦਿੱਤਾ, ਦਾਜ਼ ਵਿੱਚ ਫਾਰਚੂਨਰ ਗੱਡੀ ਵੀ ਦੇ ਦਿੱਤੀ,ਇਹ ਵਿਆਹ ਛੇ ਮਹੀਨੇ ਟਿਕਿਆ ਮੁੰਡਾ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੇ ਰਾਹ ਤੁਰਕੇ ਸਦਾ ਲਈ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ,ਹੁਣ ਉਹ ਪਛਤਾ ਰਿਹਾ ਹੈ ਕਿ ਸਿਰਫ਼ ਜ਼ਮੀਨ ਨੂੰ ਹੀ ਕੁੜੀ ਤੋਰ ਦਿੱਤੀ, ਕੋਈ ਹੋਰ ਅੱਗਾ ਪਿੱਛਾ ਵੀ ਦੇਖ ਲੈਂਦੇ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ।ਦੌਲਤ ਅਤੇ ਸ਼ੌਹਰਤ ਨਾਲ ਹੋਣ ਵਾਲੇ ਵਿਆਹ ਦੌਲਤ ਅਤੇ ਸ਼ੌਹਰਤ ਦੇ ਜਾਣ ਨਾਲ ਹੀ ਖ਼ਤਮ ਹੋ ਜਾਂਦੇ ਹਨ।ਦੌਲਤ ਦੀ ਨਸ਼ਿਆਈ ਅਜੋਕੀ ਮਾਨਸਿਕਤਾ ਕੁਰਾਹੇ ਪੈ ਚੁੱਕੀ ਹੈ ਜਿਸਨੂੰ ਮੋੜਨਾ ਮੁਸ਼ਿਕਲ ਹੀ ਨਹੀਂ ਸਗੋਂ ਅਸੰਭਵ ਜਾਪਦਾ ਹੈ।
ਟੁੱਟ ਰਹੇ ਵਿਆਹ ਅਤੇ ਪਤੀ ਪਤਨੀ ਦੇ ਰਿਸ਼ਤਿਆਂ ਵਿੱਚ ਆ ਰਹੀ ਨਿਘਾਰ ਦੇ ਕਾਰਣਾਂ ਵੱਲ ਪਰਤੀਏ ਤਾਂ ਆਪਸੀ ਗੱਲਬਾਤ ਦੀ ਅਣਹੋਂਦ ਅਤੇ ਆਪਣੀ ਮੈਂ ਨੂੰ ਬਣਾਈ ਰੱਖਣਾ ਆਪਸੀ ਪਿਆਰ ਨੂੰ ਘਟਾ ਕੇ ਨਫ਼ਰਤ ਪੈਦਾ ਕਰਦਾ ਹੈ। ਪੜ੍ਹੇ ਲਿਖੇ ਅਤੇ ਦੇਸ਼ ਵਿਦੇਸ਼ ਵਿੱਚ ਨਾਮਨਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਵੀ ਪਰਿਵਾਰ ਟੁੱਟਣ ਨੂੰ ਬਚਾਉਣ ਵਿੱਚ ਅਸਮਰਥ ਰਹੀਆਂ ਹਨ। ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਪਾਰੂਪੱਲੀ ਕਸ਼ਯਪ ਜਿਨ੍ਹਾਂ ਦਾ ਵਿਆਹ 2018 ਵਿੱਚ ਹੋਇਆ ਸੀ,ਹੁਣ ਅਲੱਗ ਹੋਣਾ ਫੈਸਲਾ ਲਿਆ ਹੈ। ਦੇਸ਼ ਦੀ ਸਰਵ ਉੱਚ ਸੇਵਾ ਆਈ ਏ ਐੱਸ ਵੀ ਪਰਿਵਾਰ ਟੁੱਟਣ ਦਾ ਸੰਤਾਪ ਝੱਲ ਰਹੇ ਹਨ।ਆਈ ਏ ਐੱਸ ਟਾੱਪਰ ਟੀਨਾ ਡਾਬੀ ਅਤੇ ਅਤੁਲ ਆਮਿਰ ਅਜ਼ਹਰ ਵੀ ਵਿਆਹ ਤੋਂ ਤਿੰਨ ਸਾਲ ਬਾਅਦ ਅਲੱਗ ਹੋ ਗਏ।ਇਹ ਵਿਅਕਤੀ ਜ਼ਿੰਦਗੀ ਵਿੱਚ ਤਾਂ ਕਾਮਯਾਬ ਹੋਏ,ਪੈਸਾ ਅਤੇ ਸ਼ੌਹਰਤ ਵੀ ਕਮਾ ਰਹੇ ਹਨ ਪਰੰਤੂ ਸਮਾਜ਼ ਦੀ ਛੋਟੀ ਤੋਂ ਛੋਟੀ ਇਕਾਈ ਪਰਿਵਾਰ ਟੁੱਟਣ ਨੂੰ ਰੋਕਣ ਵਿੱਚ ਅਸਮਰਥ ਰਹੇ ਹਨ।ਇਹ ਸਵਾਲ ਜਵਾਬ ਦੀ ਤਲਾਸ਼ ਕਰਦਾ ਹੈ ਕਿ ਇੱਕ ਆਈ ਏ ਐੱਸ ਅਧਿਕਾਰੀ ਜਿਸ ਤੇ ਜ਼ਿਲ੍ਹੇ ਨੂੰ ਸਾਂਭਣ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਪਰਿਵਾਰ ਨਹੀਂ ਸੰਭਾਲ ਸਕਦਾ ਫ਼ਿਰ ਜ਼ਿਲ੍ਹਾ ਕਿਵੇਂ ਸਾਂਭੇਗਾ?।
ਜ਼ਿੰਦਗੀ ਵਿੱਚ ਪੈਸੇ ਦੀ ਅਹਿਮੀਅਤ ਨੂੰ ਘਟਾਇਆ ਨਹੀਂ ਜਾ ਸਕਦਾ, ਪੈਸਾ ਜ਼ਿੰਦਗੀ ਵਿੱਚ ਕਮਾਉਣਾ ਬਹੁਤ ਜ਼ਰੂਰੀ ਹੈ ਪ੍ਰੰਤੂ ਪੈਸਾ ਸਭ ਕੁੱਝ ਨਹੀਂ। ਪੈਸੇ ਕਮਾਉਣ ਦੀ ਦੌੜ ਵਿੱਚ ਅਸੀਂ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਭੁੱਲ ਗਏ ਹਾਂ।ਭੌਤਿਕ ਵਸਤਾਂ ਦੀ ਭਾਲ ਵਿੱਚ ਰਿਸ਼ਤਿਆਂ ਨੂੰ ਵਿਸਾਰ ਦਿੱਤਾ ਹੈ।ਪਤੀ ਪਤਨੀ ਕੋਲ ਇੱਕ ਦੂਜੇ ਲਈ ਸਮਾਂ ਨਹੀਂ। ਕਦੇ ਇਕੱਠੇ ਬੈਠ ਕੇ ਬੱਚਿਆਂ ਬਾਰੇ ਨਹੀਂ ਸੋਚਿਆ। ਬੱਚੇ ਮੋਬਾਇਲ ਨੂੰ ਦੋਸਤ ਬਣਾ ਕੇ ਧੁੰਦਲੇ ਭਵਿੱਖ ਨੂੰ ਸੱਦਾ ਦੇ ਰਹੇ ਹਨ ਦੂਜੇ ਪਾਸੇ ਬਜ਼ੁਰਗ ਮਾਪੇ ਇਸ ਕਰਕੇ ਸਲਾਹ ਨਹੀਂ ਦਿੰਦੇ ਕਿਤੇ ਏਸ ਉਮਰੇ ਬੱਚੇ ਬਿਰਧ ਘਰ ਦਾ ਰਾਹ ਨਾ ਦਿਖਾ ਦੇਣ। ਰਿਸ਼ਤਿਆਂ ਵਿੱਚ ਸਹੀ ਅਤੇ ਗ਼ਲਤ ਦੀ ਪਹਿਚਾਣ ਸਮਾਜਿਕ ਮੁੱਲਾਂ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਜਿਥੇ ਦੋ ਭਾਂਡੇ ਹੁੰਦੇ ਹਨ ਉਥੇ ਖੜਕਦੇ ਵੀ ਰਹਿੰਦੇ ਹਨ ਪਰੰਤੂ ਇਹ ਖੜਕਾ ਘਰ ਤੋਂ ਬਾਹਰ ਨਾ ਹੀ ਜਾਵੇ ਤਾਂ ਚੰਗਾ ਹੈ ਕਿਉਂਕਿ ਜ਼ੇਕਰ ਘਰੋਂ ਬਾਹਰ ਗਿਆ ਤਾਂ ਉਸ ਤੋਂ ਬਾਅਦ ਤਾਂ ਇਹ ਕਾਵਾਂ ਵਾਲੀ ਪੰਚਾਇਤ ਲਈ ਹਾਸੇ ਅਤੇ ਸਮਾਜ਼ ਲਈ ਦੁਖਾਂਤ ਬਣ ਕੇ ਉੱਭਰਦਾ ਹੈ।
ਜਲਦੀ ਵਿਆਹ ਟੁੱਟਣ ਦੇ ਕਾਰਣਾਂ ਵਿੱਚ ਬਾਲ ਵਿਆਹ ਅਤੇ ਦਾਜ ਦੀ ਸਮੱਸਿਆ ਵੀ ਜ਼ਿੰਮੇਵਾਰ ਹੈ। ਵਿਆਹ ਜਿੰਨੀ ਜਲਦੀ ਹੁੰਦੇ ਹਨ ਉਨੀਂ ਹੀ ਜਲਦੀ ਟੁੱਟ ਜਾਂਦੇ ਹਨ।ਦਾਜ ਨਾ ਲਿਆਉਣ ਕਰਕੇ ਪੀੜਤ ਲੜਕੀ ਨੂੰ ਰਿਸ਼ਤਾ ਤੋੜਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।ਬਾਲ ਵਿਆਹ ਅਤੇ ਦਾਜ ਦੀ ਸਮੱਸਿਆ ਸਮਾਜ਼ ਨੂੰ ਜੋਕ ਵਾਂਗ ਚੁੰਬੜੀਆਂ ਅਜਿਹੀਆਂ ਬਿਮਾਰੀ ਹਨ ਜਿਨ੍ਹਾਂ ਨੂੰ ਜੜ੍ਹੋਂ ਪੁੱਟਣਾ ਅੱਜ ਵੀ ਮੁਸ਼ਿਕਲ ਅਤੇ ਅਸੰਭਵ ਜਾਪਦਾ ਹੈ।ਸੰਵਿਧਾਨ ਅਤੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਬਾਲ ਵਿਆਹ ਕਾਨੂੰਨੀ ਜ਼ੁਰਮ ਹੈ। ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦਾ ਭਾਗੀ ਬਣਾ ਕੇ ਸਜ਼ਾ ਮੁਕੱਰਰ ਕਰਦਾ ਹੈ ਪ੍ਰੰਤੂ ਜ਼ਮੀਨੀ ਹਕੀਕਤ ਤਾਂ ਇਹ ਹੈ ਕਿ ਬਾਲ ਵਿਆਹ ਦੀਆਂ ਘਟਨਾਵਾਂ ਰੁਕਣ ਦੀ ਬਜਾਏ ਇਸ ਨੂੰ ਹੋਰ ਹੁਲਾਰਾ ਮਿਲ ਰਿਹਾ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ ਸੀ ਆਰ ਬੀ)ਦੀ ਰਿਪੋਰਟ ਅਨੁਸਾਰ 2017,2018,2019,2020 ਅਤੇ 2021 ਵਿੱਚ ਦਰਜ਼ ਕੀਤੇ ਗਏ ਬਾਲ ਵਿਆਹ ਦੇ ਕੇਸਾਂ ਦੀ ਗਿਣਤੀ ਕ੍ਰਮਵਾਰ 395,501,523,785, ਅਤੇ 1050ਹੈ।ਇਹ ਰਿਪੋਰਟ ਉਜਾਗਰ ਕਰਦੀ ਹੈ ਕਿ ਪਿਛਲੇ ਪੰਜ ਸਾਲਾਂ (2017 ਤੋਂ ਲੈ ਕੇ 2021 ਤੱਕ)ਬਾਲ ਵਿਆਹ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ।ਇਸ ਰਿਪੋਰਟ ਵਿੱਚ ਉਹ ਅੰਕੜੇ ਸ਼ਾਮਿਲ ਹਨ ਜਿਸਦੀਆਂ ਪੁਲਿਸ਼ ਦੇ ਕੋਲ਼ ਸ਼ਿਕਾਇਤ ਪਹੁੰਚੀ,ਅਜਿਹੇ ਹੋਰ ਵੀ ਹਜ਼ਾਰਾ ਕੇਸ ਜ਼ਰੂਰ ਹੋਣਗੇ ਜੋ ਪੁਲਿਸ਼ ਦੀਆਂ ਨਜ਼ਰਾਂ ਤੋਂ ਬਚ ਚੁੱਕੇ ਹੋਣਗੇ।ਗ਼ੁਰਬਤ ਅਤੇ ਦੋ ਸਮੇਂ ਦੀ ਰੋਟੀ ਦਾ ਫ਼ਿਕਰ ਕਰਨ ਵਾਲਿਆਂ ਨੂੰ ਆਪਣੀ ਬੱਚੀ ਦੇ ਵਿਆਹ ਦਾ ਫ਼ਿਕਰ ਵੀ ਜਨਮ ਤੋਂ ਹੀ ਪੈ ਜਾਂਦਾ ਹੈ।ਪੁਰਾਤਨ ਅਤੇ ਰੂੜੀਵਾਦੀ ਸੋਚ ਉਹਨਾਂ ਦੇ ਜ਼ਹਿਨ ਵਿੱਚ ਇਸ ਕ਼ਦਰ ਬੈਠ ਚੁੱਕੀ ਹੈ ਕਿ ਉਸ ਨੂੰ ਬਾਹਰ ਕੱਢਣ ਲਈ ਗਿਆਨ ਭਰੀ ਲੋਅ ਦੀ ਜੋਤ ਵੀ ਮੱਧਮ ਹੈ। ਅਸੀਂ ਆਪਣੇ ਖਾਣ ਪੀਣ, ਰਹਿਣ ਸਹਿਣ ਅਤੇ ਕਪੜੇ ਪਾਉਣ ਦਾ ਤਰੀਕਾ ਤਾਂ ਬਦਲ ਲਿਆ ਪ੍ਰੰਤੂ ਸੋਚ ਨਹੀਂ ਬਦਲੀ।ਹੁਣ ਸਮਾਂ ਬਦਲ ਚੁੱਕਿਆ ਹੈ ਅਜੋਕੇ ਸਮੇਂ ਵਿੱਚ ਲੜਕੀਆਂ ਬੁਰਕੇ,ਪਰਦਾ ਪ੍ਰਥਾ ਅਤੇ ਘਰ ਦੀ ਚਾਰ ਦਿਵਾਰੀ ਵਿਚੋਂ ਬਾਹਰ ਨਿਕਲ ਕੇ ਖੁੱਲ੍ਹੇ ਆਸਮਾਨ ਵਿੱਚ ਉਡਾਰੀ ਭਰ ਰਹੀਆਂ ਹਨ। ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਵੀ ਕਿਸੇ ਦੀਆਂ ਧੀਆਂ ਹਨ ਜ਼ੇਕਰ ਉਹਨਾਂ ਨੂੰ ਮੌਕਾ ਨਾ ਮਿਲਦਾ, ਉਹਨਾਂ ਦਾ ਵੀ ਬਾਲ ਵਿਆਹ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਅੱਜ ਉਹਨਾਂ ਨੂੰ ਕੋਈ ਨਾ ਯਾਦ ਕਰਦਾ।ਲੜਕਾ ਹੋਵੇ ਜਾਂ ਲੜਕੀ ਉਹਨਾਂ ਦੋਵਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਵਿਆਹ ਉਦੋਂ ਹੀ ਕੀਤਾ ਜਾਵੇ ਜਦੋਂ ਉਹ ਇਹ ਜ਼ਿੰਮੇਵਾਰੀ ਸੰਭਾਲਣ ਦੇ ਕਾਬਿਲ ਹੋਣ।ਇਹ ਠੋਸਿਆ ਨਹੀਂ ਜਾਣਾ ਚਾਹੀਦਾ,ਸਹਿਮਤੀ, ਕਾਨੂੰਨ ਅਤੇ ਸਮਾਜਿਕ ਮੁੱਲਾਂ ਦੀ ਤਰਜ਼ ਤੇ ਖ਼ਰਾ ਹੋਣਾ ਚਾਹੀਦਾ ਹੈ।
ਟੁੱਟ ਰਹੇ ਰਿਸ਼ਤਿਆਂ ਨੂੰ ਦਾਜ਼ ਪ੍ਰਥਾ ਨੇ ਵੀ ਪ੍ਰਭਾਵਿਤ ਕੀਤਾ ਹੈ।ਵਿਆਹ ਵੇਲੇ ਘਰੇਲੂ ਲੋੜੀਂਦੇ ਸਮਾਨ ਤੋਂ ਸ਼ੁਰੂ ਹੋਈ ਰਸਮ ਅੱਜ ਸਟੇਟਸ ਅਤੇ ਸਮਾਜ਼ ਵਿੱਚ ਝੂਠੇ ਮਾਣ ਸਨਮਾਨ ਅਤੇ ਔਖਤੀ ਇੱਜ਼ਤ ਦਾ ਸਵਾਲ ਬਣ ਚੁੱਕੀ ਹੈ।ਦਹੇਜ਼ ਦੀ ਪ੍ਰਥਾ ਨੇ ਅਮੀਰਾਂ ਨੂੰ ਤਾਂ ਹੋਰ ਅਮੀਰ ਜਦਕਿ ਗਰੀਬਾਂ ਨੂੰ ਕੱਖੋਂ ਹੌਲੇ ਕਰ ਦਿੱਤਾ। ਗਰੀਬ ਵੀ ਪੂੰਜੀਪਤੀਆਂ ਵਾਂਗ ਕਰੋੜਾਂ ਰੁਪਏ ਖ਼ਰਚ ਕਰਨਾ ਲੋਚਦਾ ਹੈ ਪ੍ਰੰਤੂ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਖੁਦਕਸ਼ੀ ਅਤੇ ਤਲਾਕ ਵਰਗੇ ਵਰਤਾਰੇ ਜਨਮ ਲੈਂਦੇਂ ਹਨ।
ਵਿਆਹ ਦੋ ਜਿਸਮਾਂ ਦਾ ਨਹੀਂ ਦੋ ਰੂਹਾਂ ਦਾ ਮੇਲ ਹੈ। ਮੁੰਡੇ ਕੁੜੀ ਨੇ ਹੀ ਤਮਾਮ ਉਮਰ ਸਾਥ ਰਹਿਣਾ ਹੈ।ਵਿਆਹ ਦੇ ਸਮੇਂ ਉਹਨਾਂ ਦੀ ਕੁੰਡਲੀ ਅਤੇ ਗੁਣਾਂ ਦੇ ਮਿਲਣ ਨਾਲੋਂ ਵਿਚਾਰਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ। ਪੈਸੇ ਨਾਲ ਹੀ ਖੁਸ਼ੀਆਂ ਖਰੀਦੀਆਂ ਜਾਣ ਇਹ ਜ਼ਰੂਰੀ ਨਹੀਂ, ਜਦੋਂ ਸਾਰਾ ਪਰਿਵਾਰ ਇੱਕ ਚੁੱਲ੍ਹੇ ਤੇ ਰੋਟੀ ਪਕਾਵੇ,ਇੱਕ ਛੱਤ ਥੱਲੇ ਰਹੇ, ਜਿਥੇ ਦੁੱਖ ਸੁੱਖ ਦੇ ਹਮਦਰਦੀ ਹੋਣ ਉਥੇ ਹਮੇਸ਼ਾ ਖੁਸ਼ੀਆਂ ਦਾ ਵਾਸ ਰਹਿੰਦਾ ਹੈ। ਆਪਣੇ ਉਹ ਨਹੀਂ ਹੁੰਦੇ ਜੋ ਫੋਟੋ ਵਿੱਚ ਸਾਥ ਹੁੰਦੇ ਹਨ ਸਗੋਂ ਆਪਣੇ ਤਾਂ ਉਹ ਹੁੰਦੇ ਹਨ ਜੋ ਦੁੱਖ ਵਿੱਚ ਸਾਥ ਦਿੰਦੇ ਹਨ। ਪੈਸੇ ਨਾਲ ਮਹਿੰਗਾ ਇਲਾਜ਼ ਤਾਂ ਖਰੀਦਿਆ ਜਾ ਸਕਦਾ ਹੈ ਪਰ ਸਾਂਹ ਨਹੀਂ ਖ਼ਰੀਦੇ ਜਾ ਸਕਦੇ। ਜੀਵਨ ਸਾਥੀ ਦੀ ਚੋਣ ਕਰਨ ਵੇਲੇ ਉਸ ਦੇ ਚਰਿੱਤਰ, ਸੁਭਾਅ, ਅਤੇ ਵਿਚਾਰਧਾਰਾ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਵਾਰ ਕਦਮ ਪੁੱਟ ਕੇ ਮੁੜ ਪਿੱਛੇ ਪਰਤਣਾ ਮੁਸ਼ਿਕਲ ਹੁੰਦਾ ਹੈ।ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਬਚਾਉਣ ਅਤੇ ਇਸਦੀ ਮਰਿਆਦਾ ਕਾਇਮ ਰੱਖਣ ਲਈ ਸਮਾਜ਼ ਨੂੰ ਆਪਣੀ ਸੋਚ ਬਦਲਣ ਦੇ ਨਾਲ ਨਾਲ ਚਿੰਤਨ ਵੀ ਕਰਨਾ ਹੋਵੇਗਾ ਤਾਂ ਜੋ ਪਿਆਰ , ਸਤਿਕਾਰ ਅਤੇ ਜ਼ਿੰਮੇਵਾਰੀ ਦਾ ਇਹ ਬੰਧਨ ਸਦਾ ਕਾਇਮ ਰਹੇ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969