ਚੰਡੀਗੜ੍ਹ, 22 ਅਗਸਤ 2025 – ਪੰਜਾਬ ਵਿੱਚ ਹੜ੍ਹਾਂ ਕਾਰਨ ਵੱਡੀ ਤਬਾਹੀ ਸਾਹਮਣੇ ਆ ਰਹੀ ਹੈ। ਸਰਕਾਰੀ ਰਿਪੋਰਟ ਮੁਤਾਬਕ ਹੁਣ ਤੱਕ ਲਗਭਗ 90,884 ਏਕੜ ਫ਼ਸਲ ਪਾਣੀ ਹੇਠ ਆ ਚੁੱਕੀ ਹੈ, ਜਦਕਿ ਗੈਰ ਸਰਕਾਰੀ ਅੰਦਾਜ਼ੇ ਇਹ ਅੰਕੜਾ ਡੇਢ ਲੱਖ ਏਕੜ ਤੱਕ ਪਹੁੰਚਾ ਰਹੇ ਹਨ। ਸਭ ਤੋਂ ਵੱਧ ਨੁਕਸਾਨ ਫ਼ਾਜ਼ਿਲਕਾ (32,762 ਏਕੜ) ਅਤੇ ਕਪੂਰਥਲਾ (20,995 ਏਕੜ) ਜ਼ਿਲ੍ਹਿਆਂ ਵਿੱਚ ਦਰਜ ਕੀਤਾ ਗਿਆ ਹੈ।
ਮਾਲ, ਮੁੜ-ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਲਈ 2 ਕਰੋੜ ਰੁਪਏ ਰਾਹਤ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ ਰਾਸ਼ਨ, ਪਾਣੀ, ਦਵਾਈਆਂ ਤੇ ਪਸ਼ੂ ਧਨ ਦੀ ਸਿਹਤ ਸੰਭਾਲ ਲਈ ਕੰਮ ਹੋ ਰਹੇ ਹਨ।
ਮੁੰਡੀਆਂ ਨੇ ਭਰੋਸਾ ਦਵਾਇਆ ਕਿ ਹੜ੍ਹਾਂ ਨਾਲ ਪੀੜਤ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ 'ਤੇ ਕੈਬਨਿਟ ਮੰਤਰੀਆਂ ਵੱਲੋਂ ਨਿਗਰਾਨੀ ਜਾਰੀ ਹੈ ਅਤੇ ਐਸ.ਡੀ.ਆਰ.ਐਫ. ਦੀਆਂ ਹੋਰ ਟੁਕੜੀਆਂ ਵੀ ਤੈਨਾਤ ਕੀਤੀਆਂ ਜਾਣਗੀਆਂ।