ਉੱਤਰਾਖੰਡ ਦੇ ਕਾਸ਼ੀਪੁਰ ਵਿੱਚ ਸਥਿਤ ਇੱਕ ਨਿੱਜੀ ਸਕੂਲ ਵਿੱਚ ਬੁੱਧਵਾਰ ਨੂੰ ਹੈਰਾਨੀਜਨਕ ਘਟਨਾ ਵਾਪਰੀ। 9ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਭੌਤਿਕ ਵਿਗਿਆਨ ਦੇ ਅਧਿਆਪਕ ਗਗਨਦੀਪ ਸਿੰਘ ਕੋਹਲੀ 'ਤੇ ਗੋਲੀ ਚਲਾ ਦਿੱਤੀ। ਗੋਲੀ ਸੱਜੇ ਮੋਢੇ ਦੇ ਹੇਠਾਂ ਲੱਗੀ, ਜਿਸ ਕਾਰਨ ਅਧਿਆਪਕ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਗੋਲੀ ਕੱਢੀ ਗਈ। ਡਾਕਟਰਾਂ ਅਨੁਸਾਰ, ਅਧਿਆਪਕ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਹੈ।
ਕਲਾਸਰੂਮ 'ਚ ਅੰਜਾਮ ਦਿੱਤਾ ਹਮਲਾ
ਪੁਲਿਸ ਅਨੁਸਾਰ, ਵਿਦਿਆਰਥੀ ਨੇ ਆਪਣੇ ਟਿਫਿਨ ਬਾਕਸ ਵਿੱਚ ਪਿਸਤੌਲ ਲਿਆ ਕੇ ਰੱਖੀ ਹੋਈ ਸੀ। ਜਿਵੇਂ ਹੀ ਅਧਿਆਪਕ ਨੇ ਪੀਰੀਅਡ ਖਤਮ ਕਰਕੇ ਕਲਾਸ ਤੋਂ ਬਾਹਰ ਜਾਣਾ ਸੀ, ਉਸਨੇ ਪਿੱਛੇ ਤੋਂ ਗੋਲੀ ਚਲਾ ਦਿੱਤੀ। ਵਿਦਿਆਰਥੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹੋਰ ਅਧਿਆਪਕਾਂ ਨੇ ਉਸਨੂੰ ਕਾਬੂ ਕਰ ਲਿਆ।
ਦੋ ਦਿਨ ਪਹਿਲਾਂ ਹੋਈ ਸੀ ਝਿੜਕੀ
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਦੋ ਦਿਨ ਪਹਿਲਾਂ ਅਧਿਆਪਕ ਨੇ ਸਵਾਲ ਦਾ ਜਵਾਬ ਨਾ ਦੇਣ 'ਤੇ ਵਿਦਿਆਰਥੀ ਨੂੰ ਝਿੜਕਿਆ ਸੀ ਅਤੇ ਥੱਪੜ ਵੀ ਮਾਰਿਆ ਸੀ। ਇਸ ਗੱਲ ਤੋਂ ਗੁੱਸੇ ਵਿੱਚ ਆ ਕੇ ਵਿਦਿਆਰਥੀ ਨੇ ਇਹ ਕਦਮ ਚੁੱਕਿਆ।
ਘਰੋਂ ਲਿਆ ਸੀ ਪਿਸਤੌਲ
ਨਾਬਾਲਗ ਵਿਦਿਆਰਥੀ ਨੇ ਪੁਲਿਸ ਨੂੰ ਦੱਸਿਆ ਕਿ ਪਿਸਤੌਲ ਉਸਨੇ ਘਰ ਦੀ ਅਲਮਾਰੀ ਵਿੱਚੋਂ ਚੁੱਕ ਕੇ ਟਿਫਿਨ ਵਿੱਚ ਛੁਪਾ ਕੇ ਸਕੂਲ ਲਿਆ ਸੀ। ਘਟਨਾ ਤੋਂ ਬਾਅਦ ਉਸਦਾ ਪਿਤਾ ਕੁਝ ਸਮੇਂ ਲਈ ਲਾਪਤਾ ਹੋ ਗਿਆ ਸੀ, ਹਾਲਾਂਕਿ ਬਾਅਦ ਵਿੱਚ ਵਾਪਸ ਆ ਗਿਆ। ਪੁਲਿਸ ਪਿਤਾ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਕਿ ਹਥਿਆਰ ਘਰ ਵਿੱਚ ਕਿਵੇਂ ਪਹੁੰਚਿਆ।
ਕੇਸ ਦਰਜ, ਜਾਂਚ ਜਾਰੀ
ਏਐਸਪੀ ਅਭੈ ਸਿੰਘ ਨੇ ਦੱਸਿਆ ਕਿ ਅਧਿਆਪਕ ਦੀ ਸ਼ਿਕਾਇਤ 'ਤੇ ਨਾਬਾਲਗ ਵਿਦਿਆਰਥੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਵਿਦਿਆਰਥੀ ਨੂੰ ਪੁਲਿਸ ਸੁਰੱਖਿਆ ਹੇਠ ਰੱਖਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।