ਮੋਹਾਲੀ, 21 ਅਗਸਤ 2025 – ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਚਿੰਤਾ ਦੀ ਗੱਲ ਹੈ ਕਿ ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਸਦੇ ਮੋਬਾਈਲ 'ਤੇ ਵਿਦੇਸ਼ੀ ਨੰਬਰ ਰਾਹੀਂ ਭੇਜੇ ਗਏ ਸੁਨੇਹੇ ਰਾਹੀਂ ਆਈ ਹੈ।
ਗਾਇਕ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਧਮਕੀ ਵਾਲੇ ਮੈਸੇਜ ਵਿੱਚ ਸਿੱਧਾ ਕਿਹਾ ਗਿਆ ਹੈ ਕਿ ਉਸਨੂੰ ਮਾਰ ਦਿੱਤਾ ਜਾਵੇਗਾ ਅਤੇ ਇਸਨੂੰ “ਮਜ਼ਾਕ ਨਾ ਸਮਝਣ” ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਸੁਨੇਹੇ ਵਿੱਚ ਉਸਦੇ ਪਰਿਵਾਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਗਈ, ਜਿਸ ਕਾਰਨ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ
ਯਾਦ ਰਹੇ ਕਿ ਸਾਲ 2022 ਵਿੱਚ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਗਈ ਸੀ। ਉਸ ਸਮੇਂ ਫੇਸਬੁੱਕ ਪੋਸਟ ਰਾਹੀਂ ਗਰੁੱਪ ਨੇ ਦਾਅਵਾ ਕੀਤਾ ਸੀ ਕਿ ਸਿਰਫ “10 ਮਿੰਟ ਦਾ ਫਰਕ” ਕਾਰਨ ਗਾਇਕ ਬਚ ਗਿਆ। ਇਸ ਘਟਨਾ ਤੋਂ ਬਾਅਦ ਮੋਹਾਲੀ ਪੁਲਿਸ ਨੇ ਉਸਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ।
ਗਾਇਕ ਦਾ ਨਿਵਾਸ ਤੇ ਯੋਗਦਾਨ
ਮਨਕੀਰਤ ਔਲਖ ਇਸ ਵੇਲੇ ਆਪਣੇ ਪਰਿਵਾਰ ਨਾਲ ਸੈਕਟਰ-71, ਮੋਹਾਲੀ ਦੇ ਹੋਮਲੈਂਡ ਹਾਈਟਸ ਵਿੱਚ ਰਹਿੰਦਾ ਹੈ। ਗਾਇਕੀ ਤੋਂ ਇਲਾਵਾ ਉਹ ਸਮਾਜ ਸੇਵਾ ਨਾਲ ਵੀ ਜੁੜਿਆ ਹੋਇਆ ਹੈ।