ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
ਪਦਾਰਥਵਾਦ ਵਿੱਚ ਵਿਕਾਰਾਂ ਦੇ ਕੂੜ ਪ੍ਰਸਾਰੇ ਵਿੱਚ ਗਿਆਨ ਰੂਪੀ ਚਾਨਣ ਦਾ ਦੀਵਾ ਮੱਘਦੇ ਰਹਿਣ ਲਈ ਸਦਾ ਤੋਂ ਹੀ ਮਨੁੱਖਤਾ ਲਈ ਸਭ ਤੋਂ ਉੱਚੀ ਤੇ ਸੁੱਚੀ ਅਵਸਥਾ “ਸੱਚ” ਦੀ ਰਹੀ ਹੈ। ਸੱਚ ਰਾਹੀਂ ਮਨੁੱਖ ਨਾ ਸਿਰਫ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਦਾ ਹੈ, ਸਗੋਂ ਸਮਾਜ ਵਿੱਚ ਵੀ ਸੱਚ ਸਦਕਾ ਬਣਦਾ ਮਾਣ ਤੇ ਸਤਿਕਾਰ ਪਾਉਂਦਾ ਹੈ।
ਆਦਿ ਸਚੁ ਜੁਗਾਦਿ ਸਚੁ ॥
ਆਪਣੀ ਰਚਨਾ ਸ੍ਰੀ ਜਪੁ ਜੀ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਹੋਂਦ ਸੱਚ ਰੂਪ ਦੇ ਵਿੱਚ ਆਦਿ ਤੋ ਹੀ ਹੈ ਅਤੇ ਇਹ ਸੱਚ ਰੂਪੀ ਅਕਾਲ ਪੁਰਖ ਜੁਗਾਂ ਦੇ ਮੁੱਢ ਤੋਂ ਹੀ ਮੌਜੂਦ ਹੈ। ਗੁਰਬਾਣੀ ਸਾਨੂੰ ਸਿੱਖਾਉਂਦੀ ਹੈ ਕਿ ਸੱਚ ਨਾਲ ਜੁੜੀ ਜ਼ਿੰਦਗੀ ਹੀ ਸਦਾ-ਥਿਰ ਹੈ ਅਤੇ ਜੋ ਮਨੁੱਖ ਸੱਚ ਦੇ ਰਾਹ ਤੇ ਤੁਰਦੇ ਹਨ ਉਹਨਾਂ ਦੀ ਉਸਤਤ ਭੌਤਿਕ ਰੂਪ ਵਿੱਚ ਲੋਕ ਕਰਨ ਜਾਂ ਨਾ ਕਰਨ ਅਕਾਲ ਪੁਰਖ ਪ੍ਰਭੂ ਆਪ ਕਰਦਾ ਹੈ।
ਕਲਯੁੱਗ ਵਿੱਚ ਹਰ ਇਨਸਾਨ ਆਪਣੀ ਝੂਠੀ ਸੱਚੀ ਸੋਭਾ ਲੋਚਦਾ ਹੈ ਅਤੇ ਇਸ ਸੋਭਾ ਨੂੰ ਕੱਟਣ ਖਾਤਰ ਉਹ ਭਾਂਤ ਭਾਂਤ ਦੇ ਕਾਰਜਾਂ ਨੂੰ ਸੰਪੂਰਨ ਕਰਦਾ ਹੈ। ਅਜੋਕੇ ਸਮਾਜ ਵਿੱਚ ਸੋਭਾ ਖੱਟਣ ਖ਼ਾਤਰ ਕਈ ਪ੍ਰਕਾਰ ਦੇ ਉਪਰਾਲੇ ਆਦਿਕ ਨੂੰ ਸਿਰੇ ਚੜ੍ਹਾਉਣ ਲਈ ਆਪਣੀ ਸਮਰੱਥਾ ਅਨੁਸਾਰ ਜ਼ੋਰ ਅਜ਼ਮਾਇਸ਼ ਕਰਦਾ ਰਹਿੰਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਰਾਹੀਂ ਮਨੁੱਖ ਨੂੰ ਸੇਧ ਦਿੰਦੇ ਹਨ ਕਿ ਗੁਰਮੁੱਖ ਉਸਤਤ ਤੇ ਨਿੰਦਿਆ ਦੇ ਪ੍ਰਭਾਵ ਤੋਂ ਮੁਕਤ ਹੁੰਦੇ ਹਨ
ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ।।
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ।। ੧੪।।
ਗੁਰਬਾਣੀ ਵਿੱਚ ਸੱਚ ਦੀ ਵਡਿਆਈ
"ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥ ॥੫॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 62)
ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਸਾਫ ਕਿਹਾ ਕਿ ਸਾਰੇ ਧਰਮਾਂ ਅਤੇ ਕਰਮਾਂ ਤੋਂ ਵੱਧ ਸੱਚ ਤੇ ਸੁੱਚੇ ਆਚਰਨ ਵਾਲੀ ਜ਼ਿੰਦਗੀ ਹੈ। ਸਿਰਫ ਮੂੰਹੋਂ ਸੱਚ ਬੋਲਣਾ ਹੀ ਕਾਫੀ ਨਹੀਂ, ਸਗੋਂ ਆਪਣੇ ਕਰਮਾਂ ਵਿੱਚ ਵੀ ਸੱਚਾਈ ਲਿਆਉਣੀ ਬਹੁਤ ਜ਼ਰੂਰੀ ਹੈ।
ਸੱਚਾ ਜੀਵਨ — ਇਕ ਅਮਲੀ ਰਾਹ
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥
ਅੰਗ: ੨੦, ਮਃ ੧, ਸਿਰੀ ਰਾਗੁ
ਉਪਰੋਕਤ ਗੁਰਬਾਣੀ ਦੇ ਪਾਵਨ ਵਾਕ ਰਾਹੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਨੂੰ ਸੇਧ ਦੇ ਰਹੇ ਹਨ ਕਿ ਜੇ ਮਨੁੱਖ ਨੇ ਸੰਸਾਰ ਰੂਪੀ ਭਵ ਸਾਗਰ ਨੂੰ ਪਾਰ ਕਰਨਾ ਹੋਵੇ ਤਾਂ ਗੁਰੂ ਦੀ ਸਿੱਖਿਆ ਅਨੁਸਾਰ ਸਿਮਰਨ ਦੀ ਬੇੜੀ ਬਣਾ ਕੇ ਇਸ ਭਵ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ। ਗੁਰਬਾਣੀ ਅਨੁਸਾਰ ਸੱਚਾ ਜੀਵਨ ਜੀਉਣ ਵਾਲਾ ਵਿਅਕਤੀ:
ਲਾਲਚ, ਝੂਠ, ਧੋਖਾ ਤੇ ਹੰਕਾਰ ਤੋਂ ਦੂਰ ਰਹਿੰਦਾ ਹੈ।
ਆਪਣੇ ਸੱਚ ਆਧਾਰਿਤ ਕੰਮਾਂ ਨਾਲ ਲੋਕਾਂ ਲਈ ਮਿਸਾਲ ਬਣਦਾ ਹੈ।
ਆਪਣੇ ਅੰਦਰ ਸੱਚ ਦੇ ਅਸੀਮ ਬਲ ਕਾਰਣ ਅਨੰਦ ਤੇ ਨਿਰਭਉ ਭਾਵ ਵਿੱਚ ਰਹਿੰਦਾ ਹੈ।
ਆਸਾ ਮਹਲਾ 1॥
ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ॥
ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ॥ 1॥
ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ॥
ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ॥ 1॥ ਰਹਾਉ॥
ਉਪਰੋਕਤ ਸ਼ਬਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚਨਾ ਆਸਾ ਦੀ ਵਾਰ ਵਿੱਚ ਆਪਣੇ ਪਾਵਨ ਮੁਖਾਰਬਿੰਦ ਤੋਂ ਉਚਾਰਿਤ ਕੀਤੇ ਸਨ । ਇਸ ਵਿੱਚ ਸਤਿਗੁਰੂ ਨਾਨਕ ਦੇਵ ਜੀ ਮਨੁੱਖਤਾ ਨੂੰ ਸੇਧ ਦਿੰਦੇ ਹੋਏ ਫਰਮਾਉਂਦੇ ਹਨ ਕਿ ਪ੍ਰਮਾਤਮਾ ਨੂੰ ਲੱਭਣ ਲਈ ਜੰਗਲ ਖੰਗਾਲਣ ਦੀ ਲੋੜ ਨਹੀਂ ਜੇਕਰ ਹਿਰਦੇ ਵਿੱਚ ਸੱਚ ਵਸਾ ਲਈਏ ਤਾਂ ਪ੍ਰਮਾਤਮਾ ਉਸ ਹਿਰਦੇ ਵਿੱਚ ਆਪ ਵਿਰਾਜਮਾਨ ਹੁੰਦਾ ਹੈ। ਜੋ ਮਨੁੱਖ ਆਪਣੇ ਅੰਦਰ ਸੱਚ ਵਸਾਉਂਦਾ ਹੈ, ਉਹੀ ਅਸਲ ਸੱਚ ਨੂੰ ਜਾਣਦਾ ਹੈ। ਅਜਿਹਾ ਮਨੁੱਖ ਕਿਸੇ ਵੀ ਹਾਲਤ ਵਿੱਚ ਝੂਠ ਦੀ ਓਟ ਨਹੀਂ ਲੈਂਦਾ।
ਗੁਰੂ ਜੀ ਸਿੱਖ ਦੇ ਜੀਵਨ ਵਿਚ ਸੱਚ ਦੀ ਮਹੱਤਤਾ ਸਮਝਾਉਂਦੇ ਹੋਏ ਆਖਦੇ ਹਨ॥
ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥
ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ ॥
ਜਿਸ ਸਿਖਿਆਰਥੀ ਦੇ ਜੀਵਨ ਦਾ ਅਧਾਰ ਸੱਚ ਹੈ ਉਸਦਾ ਮੁੱਖ ਵੀ ਪਵਿੱਤਰ ਹੈ ਉਸਦਾ ਕਿਰਦਾਰ ਵੀ ਪਵਿੱਤਰ ਹੈ ਉਸਦੀ ਬੋਲ ਬਾਣੀ ਵੀ ਪਵਿੱਤਰ ਹੈ ਅਤੇ ਉਸਦੀ ਕਿਰਤ ਕਮਾਈ ਵੀ ਪਵਿੱਤਰ ਹੈ॥ ਕਿਉਂ ਜੋ ਗੁਰੂ ਦੀ ਸਿਖਿਆ ਰੂਪੀ ਸਬਦੁ ਕਮਾ ਮਨ ਦੇ ਸੰਕਲਪ ਵਿਕਲਪਾਂ ਵਿਚ ਵਸਾ ਲਿਆ ਹੋਂਦਾ ਹੈ ਅਤੇ ਇਹ ਕਾਰਨ ਹੀ ਮਿਲਾਪ ਦਾ ਅਸਲ ਤੱਥ ਬਣ ਦਾ ਹੈ॥
ਸੱਚੇ ਰਾਹ ਦੀ ਪਹਿਚਾਣ
1. ਸੱਚਾਈ ਬੋਲਣਾ ਅਤੇ ਕਮਾਉਣਾ
— ਝੂਠੇ ਵਾਅਦੇ, ਨਕਲੀ ਰਿਸ਼ਤੇ ਅਤੇ ਵੈਰ-ਵਿਰੋਧ ਤੋਂ ਹਟ ਕੇ ਸੱਚੀ ਨੀਅਤ ਨਾਲ ਜੀਵਨ ਬਤੀਤ ਕਰਨਾ।
2. ਨਿਮਰਤਾ ਅਤੇ ਨਿਸ਼ਕਾਮਤਾ
— ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸੱਚਾ ਮਨੁੱਖ ਹੰਕਾਰੀ ਨਹੀਂ, ਨਿਮਰ ਹੁੰਦਾ ਹੈ। ਉਹ ਕਿਸੇ ਲਾਭ ਦੀ ਉਡੀਕ ਵਿੱਚ ਨਹੀਂ, ਸਗੋਂ ਪ੍ਰੇਮ ਤੇ ਭਰੋਸੇ ਨਾਲ ਕੰਮ ਕਰਦਾ ਹੈ।
3. ਦੂਜਿਆਂ ਦੀ ਭਲਾਈ
— ਸੱਚਾ ਜੀਵਨ ਉਹ ਹੈ ਜੋ ਕੇਵਲ ਆਪਣੇ ਲਈ ਨਹੀਂ ਬਲਕਿ ਸੰਮੂਹ ਮਨੁੱਖਤਾ ਦੀ ਭਲਾਈ ਲਈ ਬਤੀਤ ਕੀਤਾ ਜਾਵੇ।
ਸੱਚੇ ਮਾਰਗ ਦੀ ਸੋਭਾ ਜਹਾਨ ਵਿੱਚ
"ਸੁਚਿ ਹੋਵੈ ਤਾ ਸਚੁ ਪਾਈਐ ॥੨॥
ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਗੁਰਮੁੱਖ ਉਹੀ ਹੈ ਜੋ ਸੱਚ ਦੇ ਮਾਰਗ 'ਤੇ ਤੁਰਦਾ ਹੈ ਅਤੇ ਸੱਚੇ ਅਕਾਲ ਪੁਰਖ ਦੀ ਭਾਲ ਕਰਦਾ ਹੈ।। ਅਜਿਹੇ ਵਿਅਕਤੀ ਦੀ ਸੋਭਾ ਜਗਤ ਵਿਚ ਹੁੰਦੀ ਹੈ, ਲੋਕ ਉਸਦੀ ਇੱਜ਼ਤ ਕਰਦੇ ਹਨ ਅਤੇ ਉਹ ਆਪਣੀ ਆਤਮਿਕ ਉਚਾਈ ਵੀ ਹਾਸਿਲ ਕਰਦਾ ਹੈ।
ਅੱਜ ਦੇ ਸਮਾਜ ਵਿੱਚ ਸੱਚ ਦੀ ਲੋੜ
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਅੱਜ ਪਦਾਰਥਵਾਦ ਦੇ ਯੁੱਗ ਵਿੱਚ ਮਨੁੱਖ ਨੂੰ ਪੈਸੇ,ਇੱਜਤ ਤੇ ਸ਼ੋਹਰਤ ਦੀ ਹੋੜ ਨੇ ਆਪਣਾ ਗੁਲਾਮ ਬਣਾ ਰੱਖਿਆ ਹੈ। ਕਲਯੁੱਗ ਦੇ ਪਸਾਰੇ ਅਧੀਨ ਇਸ ਯੁੱਗ ਵਿੱਚ ਧੋਖਾ, ਲਾਭ ਤੇ ਲਾਲਚ ਦਾ ਰਾਜ ਹੈ, ਉੱਥੇ ਸੱਚੇ ਵਿਅਕਤੀ ਦੀ ਸੱਚ ਦੇ ਪੈਂਡਿਆਂ ਤੇ ਤੁਰਨ ਕਾਰਨ ਇੱਕ ਵੱਖਰੀ ਮਿਸਾਲ ਬਣਦੀ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸ਼ਰਮ ਤੇ ਧਰਮ ਦੋਵੇਂ ਇਸ ਯੁੱਗ ਦੇ ਵਿੱਚ ਅਗਿਆਤ ਹੋ ਗਏ ਨੇ ਅਤੇ ਉਹਨਾਂ ਦੀ ਥਾਂ ਦੇ ਉੱਤੇ ਵਿਕਾਰਾਂ ਰੂਪੀ ਕੂੜ ਦਾ ਬੋਲ ਬਾਲਾ ਹੈ।
"ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
ਇਹ ਸਿਰਫ ਪਾਵਨ ਗੁਰਬਾਣੀ ਦਾ ਵਾਕ ਹੀ ਨਹੀਂ ਬਲਕਿ ਸੱਚੇ ਜੀਵਨ ਨੂੰ ਜਿਉਣ ਦਾ ਸਿਧਾਂਤ ਹੈ। ਪਾਵਨ ਗੁਰਬਾਣੀ ਰਾਹੀਂ ਗੁਰੂ ਸਾਹਿਬਾਂ ਨੇ ਸਾਨੂੰ ਸਿਖਾਇਆ ਕਿ ਸੱਚ ਦਾ ਰਾਹ ਸੌਖਾ ਨਹੀਂ ਪਰ ਇਸ ਰਾਹ ਤੇ ਆਤਮਿਕ ਤਰੱਕੀ, ਆਨੰਦ ਅਤੇ ਸਦੀਵੀ ਸੋਭਾ ਦੀ ਰੌਸ਼ਨੀ ਦਾ ਚਾਨਣ ਸਦਾ ਬਰਕਰਾਰ ਰਹਿੰਦਾ ਹੈ।
ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ॥
ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ॥ (ਪੰਨਾ 56)
ਆਉਂ, ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਸੇਧ ਲੈਂਦੇ ਹੋਏ ਆਪਣੇ ਜੀਵਨ ਨੂੰ ਸੱਚਾਈ ਦੇ ਰਾਹ ਉੱਤੇ ਤੋਰਨ ਦੀ ਕੋਸ਼ਿਸ਼ ਕਰੀਏ, ਤਾਂ ਜੋ ਨਾ ਸਿਰਫ ਇਹ ਭੌਤਿਕ ਸੰਸਾਰ ਸਾਡੀ ਉਸਤਤ ਕਰੇ ਬਲਕਿ ਅਧਿਆਤਮਕਤਾ ਦਾ ਸਰੂਰ ਸਦੈਵ ਸਾਡੇ ਤਨ ਮਨ ਨੂੰ ਚੜ੍ਹਦੀ ਕਲਾ ਵਾਲੀ ਅਵਸਥਾ ਵਿੱਚ ਕਾਇਮ ਰੱਖੇ।
ਭੁੱਲ ਚੁੱਕ ਦੀ ਖਿਮਾ
ਦਾਸ ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।