ਫ਼ਰੀਦਕੋਟ--- ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਫਰੀਦਕੋਟ ਦੀ ਇੱਕ ਮੀਟਿੰਗ ਅੱਜ ਸਥਾਨਕ ਪੈਨਸ਼ਨਰ ਭਵਨ ਵਿਖੇ ਪਾਵਰ ਕੌਮ ਪੈਨਸ਼ਨਰ ਯੂਨੀਅਨ ਦੇ ਸੂਬਾਈ ਆਗੂ ਚੰਦ ਸਿੰਘ ਡੋਡ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1680 ਦੇ ਸੂਬਾਈ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ, ਪੰਜਾਬ ਮੰਡੀ ਬੋਰਡ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਵੀਰਇੰਦਰਜੀਤ ਸਿੰਘ ਪੁਰੀ , ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406 ਦੇ ਸੂਬਾਈ ਆਗੂ ਜਤਿੰਦਰ ਕੁਮਾਰ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਸਰਬਜੀਤ ਕੌਰ ਮਚਾਕੀ, ਲਖਵਿੰਦਰ ਕੌਰ ਕੰਮੇਆਣਾ, ਪੰਜਾਬ ਪੈਨਸ਼ਨਰਜ਼ ਯੂਨੀਅਨ ਜਿਲਾ ਫਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ, ਅਸ਼ੋਕ ਕੌਸ਼ਲ, ਸੋਮ ਨਾਥ ਅਰੋੜਾ, ਬਲਕਾਰ ਸਿੰਘ ਸਹੋਤਾ ਜ਼ਿਲ੍ਹਾ ਜਨਰਲ ਸਕੱਤਰ ਕਲਾਸ ਫੋਰ ਯੂਨੀਅਨ, ਹਰਪਾਲ ਸਿੰਘ ਮਚਾਕੀ,ਅਸ਼ੋਕ ਕੁਮਾਰ ਸੇਠੀ, ਰਵੀ ਕਿਰਨ ਸਿੰਘ ਤੇ ਲਵੀ ਕੁਮਾਰ ਆਗੂ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ, ਪੈਨਸ਼ਨਰ ਆਗੂ ਬਿਜਲੀ ਬੋਰਡ ਬਲਵਿੰਦਰ ਰਾਮ ਸ਼ਰਮਾ ਤੇ ਚਿਤਰੰਜਨ ਗਾਭਾ, ਕੁਲਬੀਰ ਸਿੰਘ ਟੈਕਨੀਕਲ ਸਰਵਿਸਿਜ਼ ਯੂਨੀਅਨ, ਸ਼ਿਵ ਨਾਥ ਦਰਦੀ ਆਗੂ ਬਾਬਾ ਫਰੀਦ ਸਿਕਿਉਰਟੀ ਗਾਰਡ ਮੁਲਾਜ਼ਮ ਯੂਨੀਅਨ, ਮਨੋਹਰ ਸਿੰਘ ਧੁੰਨਾ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਸੰਤ ਸਿੰਘ ਮੁੱਖ ਅਧਿਆਪਕ, ਅਮਰਜੀਤ ਸਿੰਘ ਵਾਲੀਆ, ਇੰਜਨੀਅਰ ਜੀਤ ਸਿੰਘ , ਸੁਖਦੇਵ ਸਿੰਘ ਬੀ ਪੀ ਈ ਓ, ਬਿਸ਼ਨ ਕੁਮਾਰ ਅਰੋੜਾ ਆਗੂ ਸਿਵਲ ਪੈਨਸ਼ਨਰ ਐਸੋਸੀਏਸ਼ਨ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪਿਛਲੇ ਲਗਭਗ ਸਾਢੇ ਤਿੰਨ ਸਾਲਾਂ ਤੋਂ ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਪ੍ਰਤੀ ਅਪਣਾਈ ਗਈ ਨਾਂਹ ਪੱਖੀ ਪਹੁੰਚ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ 5 ਅਗਸਤ ਨੂੰ ਸਵੇਰੇ 11 ਵਜੇ ਬਾਜਾਖਾਨਾ ਵਿਖੇ ਪੁਲ ਹੇਠਾਂ, 6 ਅਗਸਤ ਨੂੰ ਸਵੇਰੇ 11 ਵਜੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਮਿੰਨੀ ਸਕੱਤਰੇਤ ਦੇ ਸਾਹਮਣੇ ਜਾਮਣਾਂ ਹੇਠਾਂ, 8 ਅਗਸਤ ਨੂੰ ਸਵੇਰੇ 11 ਵਜੇ ਲਾਲਾ ਲਾਜਪਤ ਰਾਏ ਮਿਊਸਪਲ ਪਾਰਕ ਕੋਟਕਪੂਰਾ ਵਿਖੇ , 11 ਅਗਸਤ ਨੂੰ ਸਵੇਰੇ 11 ਵਜੇ ਤਹਿਸੀਲ ਪ੍ਰਬੰਧਕੀ ਕੰਪਲੈਕਸ ਜੈਤੋ ਵਿਖੇ, 12 ਅਗਸਤ ਨੂੰ ਸਵੇਰੇ 11 ਵਜੇ ਸਬ ਤਹਿਸੀਲ ਪਿੰਡ ਸਾਦਿਕ ਵਿਖੇ ਰੋਸ ਧਰਨੇ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪੁਤਲੇ ਫੂਕੇ ਜਾਣਗੇ। ਮੀਟਿੰਗ ਜ਼ਿਲਾ ਫਰੀਦਕੋਟ ਵਿੱਚ ਕੀਤੇ ਜਾ ਰਹੇ ਵੱਖ ਵੱਖ ਐਕਸ਼ਨਾਂ ਦੇ ਸਮੁੱਚੇ ਪ੍ਰਬੰਧਾਂ ਲਈ ਵੱਖ ਵੱਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸਾਢੇ ਪੰਜ ਸਾਲਾਂ ਦਾ ਤਨਖਾਹਾਂ ਅਤੇ ਪੈਨਸ਼ਨਾਂ ਦਾ ਬਣਦਾ ਬਕਾਇਆ ਯਕਮੁਸ਼ਤ ਤੁਰੰਤ ਜਾਰੀ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ 13 ਫੀਸਦੀ ਚਾਰ ਕਿਸ਼ਤਾਂ ਅਤੇ ਪਿਛਲੀਆਂ ਕਿਸ਼ਤਾਂ ਦਾ ਰਹਿੰਦਾ ਸਾਰਾ ਬਕਾਇਆ ਤੁਰੰਤ ਦਿੱਤਾ ਜਾਵੇ , ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਤੁਰੰਤ ਲਾਗੂ ਕੀਤਾ ਜਾਵੇ, ਸਮੂਹ ਕੱਚੇ , ਠੇਕਾ ਅਧਾਰਤ , ਆਊਟ ਸੌਰਸ ਮੁਲਾਜ਼ਮਾਂ ਅਤੇ ਵੱਖ-ਵੱਖ ਸਕੀਮਾਂ ਆਸ਼ਾ ਵਰਕਰਜ਼ ,ਆਂਗਨਵਾੜੀ ਵਰਕਰਜ਼ ,ਮਿਡ ਡੇ ਮੀਲ ਵਰਕਰਜ਼ ਆਦਿ ਸਕੀਮ ਵਰਕਰਾਂ ਨੂੰ ਪੂਰੇ ਤਨਖਾਹ ਸਕੇਲਾਂ ਵਿੱਚ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਅਸਲ ਰੂਪ ਵਿੱਚ ਤੁਰੰਤ ਬਹਾਲ ਕੀਤੀ ਜਾਵੇ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਮੰਗ ਪੱਤਰ ਵਿੱਚ ਦਰਜ ਸਮੂਹ ਮੰਗਾਂ ਦਾ ਪੰਜਾਬ ਸਰਕਾਰ ਵੱਲੋਂ ਤੁਰੰਤ ਨਿਪਟਾਰਾ ਕੀਤਾ ਜਾਵੇ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਰੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਨਾ ਕੀਤਾ ਤਾਂ ਲਗਾਤਾਰ ਤਿੱਖੇ ਐਕਸ਼ਨ ਕਰਕੇ ਭਗਵੰਤ ਮਾਨ ਸਰਕਾਰ ਦਾ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰਾ ਲੋਕਾਂ ਦੀ ਕਚਹਿਰੀ ਵਿੱਚ ਸਮੇਂ ਸਮੇਂ ਜਾ ਕੇ ਨੰਗਾ ਕੀਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ, ਰਮੇਸ਼ ਕੌਸ਼ਲ, ਵੀਰ ਸਿੰਘ ਕੰਮੇਆਣਾ ਤੇ ਮਨਜੀਤਇੰਦਰ ਸਿੰਘ ਆਦਿ ਹਾਜ਼ਰ ਸਨ।