ਗੁਰਦਾਸਪੁਰ, 4 ਅਗਸਤ 2025 – ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਅਤੇ ਸਾਡਾ ਪੰਜਾਬ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਫਿਰੋਤੀ ਦੀ ਧਮਕੀ ਮਿਲੀ ਹੈ। ਇੰਦਰਪਾਲ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖੀ ਸ਼ਿਕਾਇਤ ਵਿੱਚ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਹ ਜਾਨ ਨੂੰ ਖਤਰੇ ਦੀਆਂ ਧਮਕੀਆਂ ਦੇ ਸਨਸਨੀਖੇਜ਼ ਮਾਮਲੇ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਅਨੁਸਾਰ, ਪਹਿਲੀ ਵਾਰ 2024 ਵਿੱਚ ਵੀ ਉਨ੍ਹਾਂ ਨੇ ਪੁਲਿਸ ਨੂੰ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਸੀ, ਪਰ ਕਿਸੇ ਕਿਸਮ ਦੀ ਗੰਭੀਰ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੁਝ ਸ਼ਕੀ ਵਿਅਕਤੀ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਘਰ ਦੀ ਵੀ ਰੈਕੀ ਕੀਤੀ ਜਾ ਰਹੀ ਹੈ।
ਇੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ 26 ਮਈ 2025 ਨੂੰ ਵੀ ਉਨ੍ਹਾਂ ਨੇ ਪੁਲਿਸ ਨੂੰ ਇੱਕ ਹੋਰ ਲਿਖਤੀ ਦਰਖਾਸਤ ਦਿੱਤੀ ਸੀ, ਪਰ ਉਸ ਉਪਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। 27 ਜੁਲਾਈ 2025 ਨੂੰ ਵੀ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਦੀ ਰੈਕੀ ਕਰਦੇ ਹੋਏ ਦੇਖੇ ਗਏ।
ਤਾਜ਼ਾ ਮਾਮਲੇ ਵਿੱਚ, ਅੱਜ ਇੱਕ ਵਿਦੇਸ਼ੀ ਨੰਬਰ ਤੋਂ ਆਈ ਕਾਲ ਵਿੱਚ ਉਨ੍ਹਾਂ ਤੋਂ 1 ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ। ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਰਕਮ ਨਾ ਦਿੱਤੀ ਗਈ ਤਾਂ ਉਨ੍ਹਾਂ ਦੇ ਘਰ ਵਿੱਚ ਵੜ ਕੇ ਜਾਨੀ ਨੁਕਸਾਨ ਪਹੁੰਚਾਇਆ ਜਾਵੇਗਾ।
ਕਿਸਾਨ ਆਗੂ ਦਾ ਕਹਿਣਾ ਹੈ ਕਿ ਬਾਰ-ਬਾਰ ਸ਼ਿਕਾਇਤਾਂ ਦੇ ਬਾਵਜੂਦ ਪੁਲਿਸ ਵਲੋਂ ਮਾਮਲੇ ਨੂੰ ਲਾਪਰਵਾਹੀ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੋਇਆ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਯਾਦ ਰਹੇ ਕਿ ਇੰਦਰਪਾਲ ਸਿੰਘ ਬੈਂਸ 2022 ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਵਿਧਾਨ ਸਭਾ ਚੋਣਾਂ ਵੀ ਲੜ ਚੁੱਕੇ ਹਨ।