Friday, July 11, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ --- ਰਣਜੀਤ ਸਿੰਘ ਦਮਦਮੀ ਟਕਸਾਲ

July 09, 2025 09:55 PM

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ

ਸੰਨ 1849 ’ਚ ਜਦੋਂ ਦਾ ਸਿੱਖ ਰਾਜ ਦਾ ਸੂਰਜ ਡੁੱਬਿਆ, ਓਦੋਂ ਤੋਂ ਹੀ ਸਿੱਖ ਗ਼ੁਲਾਮੀ ਭੋਗ ਰਹੇ ਨੇ। ਅੰਗਰੇਜ਼ਾਂ ਵਿਰੁੱਧ ਸਿੱਖਾਂ ਨੇ ਤਕੜਾ ਸੰਘਰਸ਼
ਲੜਿਆ ਪਰ 1947 'ਚ ਫਿਰ ਦੂਜੀ ਗ਼ੁਲਾਮੀ 'ਚ ਫਸ ਗਏ। ਜਿਸ ਭਾਰਤ ਨੂੰ ਅਜ਼ਾਦ ਕਰਾਇਆ, ਓਸੇ ਨੇ ਹੀ 1984 'ਚ ਸ੍ਰੀ ਦਰਬਾਰ ਸਾਹਿਬ 'ਤੇ
ਹਮਲਾ ਕਰ ਦਿੱਤਾ। ਹਾਲਾਂਕਿ ਸਿੱਖਾਂ ਨਾਲ਼ 1947 ਤੋਂ ਹੀ ਧੱਕੇ-ਵਿਤਕਰੇ ਤੇ ਜ਼ੁਲਮ ਹੋ ਰਹੇ ਸਨ, ਪਰ ਜੂਨ 1984 ਦਾ ਘੱਲੂਘਾਰਾ ਤੇ ਨਵੰਬਰ 1984
ਦੀ ਨਸਲਕੁਸ਼ੀ ਸਿਖ਼ਰ ਹੋ ਨਿਬੜੀ। ਫਿਰ ਸਿੱਖਾਂ ਨੇ ਫ਼ੈਸਲਾ ਲੈ ਲਿਆ ਕਿ ਹੁਣ ਹੋਰ ਗ਼ੁਲਾਮੀ ਨਹੀਂ ਸਹਿਣੀ ਤੇ ਆਪਣਾ ਮੁਲਕ ‘ਖ਼ਾਲਿਸਤਾਨ’
ਆਜ਼ਾਦ ਕਰਵਾਉਣਾ ਹੈ।
ਵੀਹਵੀਂ ਸਦੀ ਦੇ ਮਹਾਨ ਸਿੱਖ, ਸੰਤ-ਸਿਪਾਹੀ, ਜਰਨੈਲਾਂ ਦੇ ਜਰਨੈਲ, ਮਰਦ-ਏ-ਮਜ਼ਾਹਿਦ, ਬਾਬਾ-ਏ-ਕੌਮ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ
ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਬੋਲ ਹਰੇਕ ਸਿੱਖ ਨੇ ਪੱਲੇ ਬੰਨ੍ਹ ਲਏ ਕਿ ‘ਜੇ ਦਰਬਾਰ ਸਾਹਿਬ ’ਤੇ
ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।’
ਸੰਤ ਜੀ ਇੱਕ ਲਾਈਨ ਵਿੱਚ ਹੀ ਸਿੱਖਾਂ ਨੂੰ ਅਗਲਾ ਨਿਸ਼ਾਨਾ ਦੱਸ ਗਏ ਸਨ। ਫਿਰ ਸਿੱਖਾਂ ਨੇ ਭਾਰਤੀ ਜਬਰ-ਜ਼ੁਲਮ ਖ਼ਿਲਾਫ਼ ਅਤੇ ਪ੍ਰਭੂਸੱਤਾ ਸੰਪੰਨ
ਅਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਸਿਰਜਣਾ ਲਈ ਹਥਿਆਰਬੰਦ ਹੋ ਕੇ ਲੰਮੀ ਲੜਾਈ ਲੜੀ, ਤੇ ਇਹ ਸੰਘਰਸ਼ ਰਾਜਨੀਤਕ, ਜ਼ਮਹੂਰੀਅਤ ਅਤੇ
ਸ਼ਾਂਤਮਈ ਢੰਗ ਨਾਲ਼ ਅੱਜ ਵੀ ਜਾਰੀ ਹੈ।


ਪੰਜਾਬ ਅਤੇ ਭਾਰਤ 'ਚ ਵਾਪਰਦੀਆਂ ਘਟਨਾਵਾਂ ਹਰ ਰੋਜ਼ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਉਂਦੀਆਂ ਨੇ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀਆਂ ਬੇਅਦਬੀਆਂ ਹੁੰਦੀਆਂ ਨੇ, ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਪੰਜਾਬ ਦੇ ਦਰਿਆਈ ਪਾਣੀ
ਲੁੱਟੇ ਜਾਂਦੇ ਨੇ, ਸਿੱਖਾਂ ਦੇ ਕਕਾਰਾਂ ਅਤੇ ਪੰਜਾਬੀ ਬੋਲੀ 'ਤੇ ਪਾਬੰਦੀ ਲੱਗਦੀ ਏ, ਸਿੱਖਾਂ ਨੂੰ ਬੇਵਜ੍ਹਾ ਗ਼ੈਰ-ਕਾਨੂੰਨੀ ਹਿਰਾਸਤਾਂ ਕੱਟਣੀਆਂ ਪੈਂਦੀਆਂ ਨੇ,
ਨਸ਼ਿਆਂ ਰਾਹੀਂ ਨੌਜਵਾਨਾਂ ਨੂੰ ਮਾਰਿਆ ਜਾਂਦਾ ਏ, ਪੰਥ ਅਤੇ ਪੰਜਾਬ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਤਾਂ ਆਪ ਮੁਹਾਰੇ ਹੀ ਖ਼ਾਲਿਸਤਾਨ ਦੀ ਲੋੜ
ਮਹਿਸੂਸ ਹੁੰਦੀ ਹੈ।


ਫਿਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬੋਲ ਵਾਰ-ਵਾਰ ਚੇਤੇ ਆਉਂਦੇ ਨੇ ਤੇ ਮਸਲਿਆਂ ਦਾ ਇੱਕੋ-ਇੱਕ ਹੱਲ ‘ਅਜ਼ਾਦੀ’ ਹੀ ਨਜ਼ਰ
ਆਉਂਦਾ ਹੈ। ਸੰਤਾਂ ਨੇ ਪਹਿਲਾਂ ਖ਼ੁਦ ਗ਼ੁਲਾਮੀ ਨੂੰ ਮਹਿਸੂਸ ਕੀਤਾ ਤੇ ਫਿਰ ਵਾਰ-ਵਾਰ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਅਤੇ ਚੇਤਾ ਕਰਵਾਇਆ ਤੇ
ਅਜ਼ਾਦੀ ਦਾ ਪਾਠ ਪੜ੍ਹਾਇਆ। ਸੰਤ ਜੀ ਕਿਹਾ ਕਰਦੇ ਸਨ ਕਿ “1947 ’ਚ ਅਸੀਂ ਟੋਪੀ ਤੇ ਜਨੇਊ ਨੂੰ ਅਜ਼ਾਦ ਕਰਾਇਆ ਸੀ, ਹੁਣ ਅਸੀਂ ਆਪਣੀ
ਪੱਗ ਅਜ਼ਾਦ ਕਰਾਉਣੀ ਆਂ।”, “ਹੁਣ ਸਿਰ ਜਿੰਨੇ ਮਰਜ਼ੀ ਲਾਉਣੇ ਪੈਣ, ਅਜ਼ਾਦ ਜ਼ਰੂਰ ਹੋਣਾ ਹੈ।”, “ਹਰ ਇੱਕ ਮਾਈ, ਭਾਈ, ਬੱਚੇ, ਨੌਜੁਆਨ ਤੇ
ਬਜ਼ੁਰਗ ਨੂੰ ਇਹ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਆਪਾਂ ਹਿੰਦੁਸਤਾਨ 'ਚ ਗ਼ੁਲਾਮ ਹਾਂ।”, “ਸਿੱਖ ਭਾਰਤ ’ਚ ਗ਼ੁਲਾਮ ਹਨ, ਅਸੀਂ ਗ਼ੁਲਾਮੀ ਦੀਆਂ
ਜ਼ੰਜੀਰਾਂ ਕੱਟਣੀਆਂ ਹਨ।” 


ਸੰਤ ਭਿੰਡਰਾਂਵਾਲ਼ੇ ਸਿੱਖਾਂ ਦੀ ਅਜ਼ਾਦੀ ਦੇ ਮਹਾਂਨਾਇਕ ਹਨ, ਉਹਨਾਂ ਦੀ ਤਸਵੀਰ ਹੋਵੇ ਜਾਂ ਤਕਰੀਰ ਸਿੱਖਾਂ ਨੂੰ ਅਜ਼ਾਦੀ ਵੱਲ ਲਿਜਾਂਦੀ ਹੈ ਤੇ ਪੰਥਕ
ਫ਼ਰਜ਼ ਅਦਾ ਕਰਨ ਲਈ ਪ੍ਰੇਰਦੀ ਹੈ। ਉਹ ਆਪ ਨਹੀਂ ਵਿਕੇ, ਤਾਂ ਹੀ ਤਸਵੀਰਾਂ ਵਿਕਦੀ ਹੈ। ਸਿੱਖਾਂ ਅਤੇ ਸਰਕਾਰਾਂ ਦੋਵਾਂ ਨੂੰ ਅਹਿਸਾਸ ਹੈ ਕਿ ਸੰਤ
ਭਿੰਡਰਾਂਵਾਲ਼ੇ ਹੀ ਖ਼ਾਲਿਸਤਾਨ, ਅਤੇ ਖ਼ਾਲਿਸਤਾਨ ਹੀ ਸੰਤ ਭਿੰਡਰਾਂਵਾਲ਼ੇ ਹਨ ਭਾਵ ਦੋਵੇਂ ਇੱਕ-ਦੂਜੇ ਨਾਲ਼ ਸੰਬੰਧਤ ਤੇ ਪੂਰਕ ਹਨ। ਸੰਤ
ਭਿੰਡਰਾਂਵਾਲ਼ਿਆਂ ਦੇ ਅਣਖ਼ੀਲੇ ਬੋਲਾਂ ਅਤੇ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਤੇ ਸਿੱਖਾਂ ਨਾਲ਼ ਹੋਏ ਜ਼ੁਲਮਾਂ ਕਰਕੇ ਖ਼ਾਲਿਸਤਾਨ ਦੇ ਸੰਘਰਸ਼ ਨੂੰ ਬਲ
ਮਿਿਲ਼ਆ। ਪੰਜਾਬ, ਭਾਰਤ ਅਤੇ ਵਿਦੇਸ਼ਾਂ 'ਚ ਖ਼ਾਲਿਸਤਾਨ ਦੀ ਗੱਲ ਹੁਣ ਅਕਸਰ ਚੱਲਦੀ ਰਹਿੰਦੀ ਹੈ। ਹੁਣ ਸਿੱਖਾਂ ਨੂੰ ਖ਼ਾਲਿਸਤਾਨ ਤੋਂ ਕੋਈ ਮੋੜਾ
ਨਹੀਂ ਪਾ ਸਕਦਾ, ਸਿੱਖ ਅਤੇ ਖ਼ਾਲਿਸਤਾਨ ਇੱਕ ਹੋ ਚੁੱਕੇ ਹਨ।
ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਤੋਂ ਬਾਅਦ ਪੂਰੀ ਦੁਨੀਆਂ ’ਚ ਸਿੱਖਾਂ ਦੀ ਅਜ਼ਾਦੀ ‘ਖ਼ਾਲਿਸਤਾਨ’ ਦੇ ਚਰਚੇ ਹੋਏ। ਭਾਰਤ ਦੰਗ ਰਹਿ ਗਿਆ
ਤੇ ਖ਼ਾਲਿਸਤਾਨ ਅੰਤਰ-ਰਾਸ਼ਟਰੀ ਮੁੱਦਾ ਬਣ ਗਿਆ। ਇਹ ਗੁਰੂ ਦੀ ਰਹਿਮਤ ਅਤੇ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਦੀ ਤਾਕਤ ਹੈ। ਸਿੱਖਾਂ ਨੇ ‘ਰਾਜ ਕਰੇਗਾ

ਖ਼ਾਲਸਾ’ ਦੇ ਸੰਕਲਪ ਨੂੰ ਹਰ ਹੀਲੇ ਸਾਕਾਰ ਕਰਨਾ ਹੈ। ਗੁਰਬਾਣੀ ’ਚ ਆਏ ਸ਼ਬਦ ‘ਹਲੇਮੀ ਰਾਜ’ ਅਤੇ ‘ਬੇਗਮਪੁਰਾ’ ਨੇ ਖ਼ਾਲਿਸਤਾਨ 'ਚ ਹੀ
ਵਰਤਣਾ ਹੈ। ਦੁਨੀਆਂ ਨੇ ਦੁਬਾਰਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖ਼ਾਲਸਾ ਰਾਜ ਵੇਖਣਾ ਹੈ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨ ਪੂਰੇ ਹੋਣਗੇ, ਉਹਨਾਂ ਕਿਹਾ ਸੀ ਕਿ “ਦੁਨੀਆਂ ’ਚ ਇਹ ਮਿਸਾਲ ਬਣੇਗੀ ਕਿ ਖ਼ਾਲਿਸਤਾਨ
ਬਣਿਆਂ, ਖ਼ਾਲਿਸਤਾਨ ਜ਼ਰੂਰ ਬਣੇਗਾ।”


ਹਰ ਸਾਲ ਜੂਨ 1984 ਦੇ ਘੱਲੂਘਾਰੇ ਦਿਹਾੜੇ 'ਤੇ ਖ਼ਾਲਿਸਤਾਨ ਦੀਆਂ ਗੂੰਜਾਂ ਪੈਂਦੀਆਂ ਹਨ, ਮਾਰਚ-ਪ੍ਰਦਰਸ਼ਨ-ਤਕਰੀਰਾਂ ਤੇ ਨਾਹਰੇਬਾਜ਼ੀ ਹੁੰਦੀ ਹੈ,
ਭਾਰਤੀ ਮੀਡੀਆ ’ਚ ਵੀ ਖ਼ਾਲਿਸਤਾਨ ਦਾ ਮੁੱਦਾ ਛਾਇਆ ਰਹਿੰਦਾ ਹੈ, ਭਾਰਤ ਸਰਕਾਰ ਅਕਸਰ ਚਿੰਤਤ ਰਹਿੰਦੀ ਹੈ, ਪੰਜਾਬ ਪੁਲੀਸ ਵੀ
ਖ਼ਾਲਿਸਤਾਨੀ ਸਿੰਘਾਂ ਨੂੰ ਤੰਗ-ਪ੍ਰੇਸ਼ਾਨ ਕਰਦੀ ਰਹਿੰਦੀ ਹੈ, ਵਿਦੇਸ਼ਾਂ ਦੇ ਸਿੱਖ ਭਾਰਤੀ ਅੰਬੈਸੀਆਂ ਨੂੰ ਘੇਰਦੇ ਹਨ, ਭਾਰਤੀ ਆਗੂਆਂ ਦੀ ਜਵਾਬ-ਤਲਬੀ
ਕਰਦੇ ਨੇ, ਖ਼ਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਪੈਂਦੀਆਂ ਹਨ। ਇਹ ਖ਼ਾਲਿਸਤਾਨ ਦੇ ਸੰਘਰਸ਼ ਦੇ ਜਿਉਂਦੇ ਅਤੇ ਜਾਰੀ ਹੋਣ ਦੇ ਸਬੂਤ ਨਹੀਂ ਤਾਂ ਹੋਰ
ਕੀ ਹੈ, ਹੁਣ ਤਾਂ ਇਹ ਸੰਘਰਸ਼ ਬੁਲੰਦੀਆਂ ਛੂਹ ਰਿਹਾ ਹੈ। ਹੁਣ ਮੰਜ਼ਲ ਬਹੁਤ ਨੇੜੇ ਹੈ, ਸਿੱਖਾਂ ਦੀ ਖ਼ਾਲਿਸਤਾਨ ਪ੍ਰਤੀ ਦ੍ਰਿੜਤਾ ਨੇ ਛੇਤੀ ਹੀ ਅਜ਼ਾਦੀ ਦੀ
ਸਵੇਰ ਵਿਖਾਉਣੀ ਹੈ।


“ਹਮ ਰਾਖਤ ਪਾਤਿਸਾਹੀ ਦਾਵਾ”, “ਰਾਜ ਕਰੈ ਹੈਂ ਕਿ ਲੜ ਮਰੈ ਹੈਂ”, “ਖਾਲਸਾ ਬਾਗ਼ੀ ਜਾਂ ਬਾਦਸ਼ਾਹ” ਸਿਧਾਂਤ ’ਤੇ ਚੱਲਦਿਆਂ ਗੁਰੂ ਕਾ ਖ਼ਾਲਸਾ
ਸੰਘਰਸ਼ਸ਼ੀਲ ਹੈ।
“ਨਾ ਡਰਨਗੇ ਨਾ ਹਰਨਗੇ, ਸਿੰਘ ਦੋ ਹੀ ਗੱਲਾਂ ਕਰਨਗੇ।
ਜਾਂ ਬਾਦਸ਼ਾਹਤ ਕਰਨਗੇ, ਜਾਂ ਬਾ-ਸ਼ਹਾਦਤ ਮਰਨਗੇ।”
ਭਗਤ ਫ਼ਰੀਦ ਸਾਹਿਬ ਜੀ ਆਖਦੇ ਹਨ:-
“ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥”
ਆਮ ਪ੍ਰਚਲਿਤ ਅਖਾਣ ਹਨ ਕਿ “ਗ਼ੁਲਾਮੀ ਦੀ ਪੂਰੀ ਨਾਲ਼ੋਂ, ਅਜ਼ਾਦੀ ਦੀ ਅੱਧੀ ਚੰਗੀ”, “ਗ਼ੁਲਾਮੀ ਦੀ ਜ਼ਿੰਦਗੀ ਨਾਲ਼ੋਂ, ਅਜ਼ਾਦੀ ਲਈ ਮੌਤ ਚੰਗੀ।”
ਕਹਾਵਤ ਹੈ ਕਿ ਇੱਕ ਗ਼ੁਲਾਮ ਵਿਅਕਤੀ ਬੜੀ ਡੂੰਘੀ ਨੀਂਦ ਸੁੱਤਾ ਪਿਆ ਸੀ। ਜਦ ਨੇੜਿਓਂ ਇੱਕ ਮਹਾਤਮਾ ਲੰਘੇ ਤਾਂ ਉਹਨਾਂ ਦੇ ਚੇਲੇ ਉਸ ਗ਼ੁਲਾਮ ਨੂੰ
ਉਠਾਉਣ ਲੱਗੇ ਤਾਂ ਮਹਾਤਮਾ ਨੇ ਕਿਹਾ “ਇਸ ਨੂੰ ਸੁੱਤਾ ਰਹਿਣ ਦਿਓ, ਇਹ ਅਜ਼ਾਦੀ ਦੇ ਸੁਪਨੇ ਵੇਖ ਰਿਹਾ ਹੈ।” ਕੁਝ ਸਮੇਂ ਬਾਅਦ ਇੱਕ ਸੰਘਰਸ਼ੀ
ਵਿਅਕਤੀ ਓਥੋਂ ਲੰਘਿਆ, ਉਸ ਨੇ ਗ਼ੁਲਾਮ ਨੂੰ ਉਠਾਇਆ ਤੇ ਕਿਹਾ ਕਿ “ਅਜ਼ਾਦੀ ’ਕੱਲੀ ਸੁਪਨੇ ਵੇਖਣ ਨਾਲ਼ ਨਹੀਂ ਆਉਂਦੀ, ਅਜ਼ਾਦੀ ਹਾਸਲ ਕਰਨ
ਲਈ ਜਾਗਣਾ ਅਤੇ ਜੂਝਣਾ ਪੈਂਦਾ ਹੈ।”
ਇਸੇ ਤਰ੍ਹਾਂ ਸਾਡੀ ਕੌਮ ਨੂੰ ਵੀ ਅੱਜ ਹਰ ਪਲ਼ ਜਾਗਦੇ ਰਹਿਣ ਦੀ ਲੋੜ ਹੈ। ਗੂੜ੍ਹੀ ਨੀਂਦ ’ਚ ਸੁੱਤੀ ਸਿੱਖ ਕੌਮ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ
ਭਿੰਡਰਾਂਵਾਲ਼ਿਆਂ ਨੇ ਸੰਘਰਸ਼ ਦਾ ਬਿਗਲ ਵਜਾ ਕੇ ਜਗਾਇਆ ਅਤੇ ਆਪਣੇ ਧਰਮ ਤੇ ਵਿਰਸੇ ਨਾਲ਼ ਜੋੜਿਆ। ਜਿਸ ਬਾਰੇ ਸਰਦਾਰ ਗਜਿੰਦਰ ਸਿੰਘ
ਜੀ ਲਿਖਦੇ ਹਨ:-
“ਫਿਰ ਉੱਠਿਆ ਇੱਕ ਸੂਰਮਾ, ਜਰਨੈਲਾਂ ਦਾ ਜਰਨੈਲ।
ਉਹਦੇ ਸਿੱਧਰੇ ਪੱਧਰੇ ਬੋਲਾਂ ਨੇ, ਲਾਹ ਸੁੱਟੀ ਚਿਰਾਂ ਦੀ ਮੈਲ਼।
ਮੈਲ਼ ਜਿਸ ਮੈਲ਼ਾ ਕੀਤਾ ਸੀ, ਸਿੱਖ ਸੰਘਰਸ਼ ਦਾ ਰਾਹ।
ਯੋਧਿਆਂ ਦੀ ਇਸ ਕੌਮ ਨੂੰ, ਦਿੱਤਾ ਸੀ ਕੁਰਾਹੇ ਪਾ।

ਰਣ-ਤੱਤੇ ਦੇ ਸੂਰਮੇ, ਦਿੱਤੇ ਗਾਂਧੀ ਦੇ ਪੁੱਤ ਬਣਾ।
ਇਸ ਅਣਖ਼ੀ ਜਰਨੈਲ ਨੇ, ਲਿਆ ਕੁਰਾਹਿਓਂ ਮੌੜ।
ਵਿਰਸੇ ਨਾਲ਼ੋਂ ਟੁੱਟਿਆਂ ਨੂੰ, ਦਿੱਤਾ ਮੁੜ ਵਿਰਸੇ ਨਾਲ਼ ਜੋੜ।”
ਸੰਤ ਜਰਨੈਲ ਸਿੰਘ ਜੀ ਕਿਹਾ ਕਰਦੇ ਸਨ ਕਿ “ਜਦੋਂ ਤਕ ਹਰ ਸਿੱਖ ਦੇ ਪੁੱਤਰ ਦੇ ਹਿਰਦੇ ਵਿੱਚ, ਬਜ਼ੁਰਗ ਦੇ, ਮਾਤਾ ਦੇ, ਬੀਬੀਆਂ ਦੇ, ਇਹ ਗੱਲ ਘਰ
ਨ੍ਹੀਂ ਕਰ ਜਾਂਦੀ ਕਿ ‘ਅਸੀਂ ਗੁਲਾਮ ਹਾਂ’, ਓਦੋਂ ਤਕ ਜਿੰਨੀਆਂ ਮਰਜ਼ੀ ਟਾਹਰਾਂ ਮਾਰ ਲਈਏ, ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਨਈਂ ਰਾਜ ਮਿਲ਼ਣਾ
ਤੇ ਨਾ ਗ਼ੁਲਾਮੀ ਗਲ਼ੋਂ ਲਹਿਣੀ ਆਂ। ਗ਼ੁਲਾਮੀ ਹਮੇਸ਼ਾਂ ਓਦੋਂ ਗਲ਼ੋਂ ਲਹਿੰਦੀ ਆ, ਜਦੋਂ ਮਨੁੱਖ ਇਹ ਮਹਿਸੂਸ ਕਰ ਲਵੇ, ਅਹਿਸਾਸ ਕਰ ਲਵੇ ਕਿ ਮੈਂ
ਗ਼ੁਲਾਮੀ ਦੀ ਜ਼ਿੰਦਗੀ ਨਾਲ਼ੋਂ ਮੌਤ ਨੂੰ ਪਸੰਦ ਕਰਦਾਂ। ਮੈਂ ਇਹ ਜ਼ਿੰਦਗੀ ਰੱਖਣੀ ਚੰਗੀ ਨ੍ਹੀਂ ਸਮਝਦਾ, ਓਦੋਂ ਗ਼ੁਲਾਮੀ ਗਲ਼ੋਂ ਲਹਿੰਦੀ ਆ, ਨਈਂ ਤਾਂ ਨਈਂ
ਲਹਿੰਦੀ।”
ਸਿਰਦਾਰ ਕਪੂਰ ਸਿੰਘ ਦੀ ਕਹੀ ਇਹ ਗੱਲ ਹਰੇਕ ਸਿੱਖ ਨੂੰ ਚੇਤੇ ਹੋਣੀ ਚਾਹੀਦੀ ਹੈ ਕਿ “ਜੇ ਸਿੱਖਾਂ ਨੇ ਰਾਜ-ਭਾਗ ਨਾ ਲਿਆ ਤਾਂ ਉਹਨਾਂ ਦੇ ਬੱਚੇ ਤੇ
ਅੱਗੋਂ ਉਹਨਾਂ ਦੇ ਬੱਚਿਆਂ ਦੇ ਬੱਚੇ, ਅਗਲੀਆਂ ਪੁਸ਼ਤਾਂ, ਹਿੰਦੂਆਂ ਦੀਆਂ ਵਿਦੇਸ਼ੀ ਕਾਰਾਂ ਦੇ ਡਰਾਈਵਰ ਹੋਣਗੇ, ਹਿੰਦੂਆਂ ਦੇ ਘਰਾਂ, ਕਾਰਖਾਨਿਆਂ
ਮੂਹਰੇ ਚੌਂਕੀਦਾਰ ਹੋਣਗੇ, ਹਿੰਦੂਆਂ ਦੇ ਦਫ਼ਤਰਾਂ ਵਿੱਚ ਚਪੜਾਸੀ ਹੋਣਗੇ, ਹਿੰਦੂਆਂ ਦੇ ਹੋਟਲਾਂ ਅੱਗੇ ਦਰਬਾਨ ਹੋਣਗੇ ਜਾਂ ਲੁਟੇਰੇ ਹੋਣਗੇ, ਇਸ ਤੋਂ ਵੱਧ
ਕੁਝ ਨਹੀਂ ਹੋਣਗੇ।”


ਸਰਦਾਰ ਅਜਮੇਰ ਸਿੰਘ ਲਿਖਦੇ ਹਨ ਕਿ “1849 ’ਚ ਅਜ਼ਾਦ ਸਿੱਖ ਰਾਜ ਦੇ ਖੁੱਸ ਜਾਣ ਨਾਲ਼ ਅਜ਼ਾਦੀ ਦੀ ਇੱਛਾ ਖਤਮ ਨਹੀਂ ਸੀ ਹੋ ਗਈ, ਇਹ
ਤੜਪ ਬਣ ਕੇ ਸਿੱਖ ਕੌਮ ਦੀ ਅੰਤਰ-ਆਤਮਾ ਦੇ ਅੰਦਰ ਪ੍ਰਵੇਸ਼ ਕਰ ਗਈ ਸੀ। ਇਹੀ ਤੜਪ ਸੀ ਜੋ ਸਿੱਖ ਕੌਮ ਨੂੰ ਬਰਤਾਨਵੀ ਹਾਕਮਾਂ ਵਿਰੁੱਧ ਵਾਰ-
ਵਾਰ ਸੰਘਰਸ਼ ਲਈ ਪ੍ਰੇਰਦੀ ਸੀ। ਜੇਕਰ ਭਾਰਤ ਦੀ ਅਜ਼ਾਦੀ ਦੀ ਲੜਾਈ ਅੰਦਰ ਕੁਰਬਾਨੀਆਂ ਦੇ ਲਿਹਾਜ਼ ਨਾਲ਼ ਭਾਰਤ ਦੇ ਬਾਕੀ ਲੋਕਾਂ ਦੀ ਤੁਲਨਾ
ਵਿੱਚ ਸਿੱਖ ਕੌਮ ਦੀ ਦੇਣ ਕਿਤੇ ਵਾਧੂ ਹੈ ਤਾਂ ਇਸ ਦੀ ਬੁਨਿਆਦੀ ਵਜ੍ਹਾ ਸਿੱਖ ਪੰਥ ਅੰਦਰ ਜਾਗੀ ਕੌਮੀ ਚੇਤਨਾ ਹੈ। ਜਿਸ ਕੌਮ ਅੰਦਰ ਅਜਿਹੇ ਗੁਣ ’ਤੇ
ਲੱਛਣ ਪੈਦਾ ਹੋ ਚੁੱਕੇ ਹੋਣ, ਉਹ ਕੌਮੀ ਅਜ਼ਾਦੀ ਦੀ ਸੁਭਾਵਿਕ ਦਾਅਵੇਦਾਰ ਹੋ ਨਿਬੜਦੀ ਹੈ। ਕੌਮੀ ਅਜ਼ਾਦੀ ਤੋਂ ਬਿਨਾਂ ਉਸ ਦੀ ਰੂਹ ਨੂੰ ਰੱਜ ਨਹੀਂ
ਮਿਲ਼ਦਾ।”


ਲੋਕਾਈ ਦੀ ਭਲਾਈ ਲਈ ਸਿੱਖਾਂ ਦਾ ਕੌਮੀ ਨਿਸ਼ਾਨਾ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਹੀ ਮਿੱਥ ਦਿੱਤਾ ਸੀ ਤਾਂ ਹੀ ਤਾਂ ‘ਰਾਜ ਕਰੇਗਾ ਖ਼ਾਲਸਾ’ ਦਾ ਦੋਹਰਾ
ਸਾਡੀ ਅਰਦਾਸ ਦਾ ਹਿੱਸਾ ਹੈ। ਅਜ਼ਾਦੀ ਸਿੱਖਾਂ ਦਾ ਜਨਮ ਸਿੱਧ ਅਧਿਕਾਰ ਹੈ। ਸਿੱਖਾਂ ਦੀ ਅਜ਼ਾਦੀ ਦੀ ਰੀਝ ਨੂੰ ਕੋਈ ਨਹੀਂ ਮਾਰ ਸਕਦਾ। ਹੱਕ, ਸੱਚ,
ਇਨਸਾਫ਼, ਅਜ਼ਾਦੀ, ਮਜ਼ਲੂਮਾਂ ਤੇ ਧਰਮ ਦੀ ਰਾਖੀ ਅਤੇ ਜ਼ਾਲਮ ਸਰਕਾਰਾਂ ਵਿਰੁੱਧ ਜੂਝਣਾ ਹੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਹੈ।
ਕਲਗੀਧਰ ਪਾਤਸ਼ਾਹ ਜੀ ਦੇ 52 ਬਚਨਾਂ ’ਚ ਇੱਕ ਹੁਕਮ ਹੈ:- “ਅਜ਼ਾਦ ਵਿਚਰਨਾ।” ਭਾਵ ਕਿਸੇ ਦੀ ਅਧੀਨਗੀ ਜਾਂ ਗ਼ੁਲਾਮੀ ਕਬੂਲ ਨਹੀਂ ਕਰਨੀ।
‘ਖ਼ਾਲਸਾ ਅਕਾਲ ਪੁਰਖ ਕੀ ਫ਼ੌਜ’ ਹੈ, ਇਸ ਲਈ ‘ਖ਼ਾਲਸਾ’ ਕਿਸੇ ਦਾ ਗ਼ੁਲਾਮ ਨਹੀਂ ਹੋ ਸਕਦਾ। ਖ਼ਾਲਸੇ ਦਾ ਭਾਵ ਹੀ ਹੁਕਮਰਾਨ ਅਤੇ ਬਾਦਸ਼ਾਹ ਹੈ।
‘ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।’ ਜਿਸ ਖ਼ਾਲਸੇ ਦਾ ਸੰਬੰਧ ਸਿੱਧਾ ਅਕਾਲ ਪੁਰਖ ਨਾਲ਼ ਹੋਵੇ ਉਹ ਕਿਸੇ ਹਕੂਮਤ ਦੇ ਅਧੀਨ ਨਹੀਂ ਰਹਿ ਸਕਦਾ।
“ਖ਼ਾਲਸਾ ਹੋਵੈ ਖੁਦ ਖ਼ੁਦਾ, ਜਿਮ ਖ਼ੂਬੀ ਖ਼ੂਬ ਖੁਦਾਇ। ਆਨ ਨ ਮਾਨੈ ਆਨ ਕੀ, ਇੱਕ ਬਿਨ ਸੱਚੇ ਪਾਤਸ਼ਾਹਿ।”
ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਖ਼ਾਲਸਾ ਰਾਜ ਦੇ ਸੋਹਿਲੇ ਅੱਜ-ਤਕ
ਦੁਨੀਆਂ ਗਾਉਂਦੀ ਹੈ ਤੇ ਅਜਿਹਾ ਹੀ ਰਾਜ-ਭਾਗ ਸਿੱਖ ਫਿਰ ਸਿਰਜਣਾ ਚਾਹੁੰਦੇ ਹਨ। ਜਿਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਜ਼ਿਕਰ ਹੈ:
“ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥”
ਇਸ ਨੂੰ ਪੰਜਵੇਂ ਪਾਤਸ਼ਾਹ ਨੇ ‘ਹਲੇਮੀ ਰਾਜ’ ਅਤੇ ਭਗਤਾਂ ਨੇ ‘ਬੇਗਮਪੁਰਾ’ ਆਖਿਆ ਹੈ। ਦਸਵੇਂ ਪਾਤਸ਼ਾਹ ਜੀ ਵੀ ਫੁਰਮਾਉਂਦੇ ਹਨ:
“ਇਨਹੀ ਕੋ ਸਰਦਾਰ ਬਣਾਊਂ। ਰਾਜ ਕਰਨ ਕੀ ਨੀਤਿ ਸਿਖਾਊਂ।
ਸਵਾ ਲਾਖ ਸੇ ਏਕ ਲੜਾਊਂ। ਤਬੈ ਗੋਬਿੰਦ ਸਿੰਘ ਨਾਮ ਕਹਾਊਂ।”

“ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਏ ਯਾਦ ਰਖੇਂ ਹਮਰੀ ਗੁਰਿਆਈ।”
ਅਸੀਂ ਹਿੰਦੁਤਵੀਆਂ ਦੀ ਅਕ੍ਰਿਤਘਣਤਾ ਵੇਖ ਚੁੱਕੇ ਹਾਂ। ਅਸੀਂ ਭੁੱਲ ਨਹੀਂ ਸਕਦੇ ਕਿ ਸਾਡੇ ਛੇਵੇਂ ਗੁਰੂ ਨੇ ਜਿਨ੍ਹਾਂ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ
ਕਿਲ੍ਹੇ ’ਚੋਂ ਰਿਹਾਅ ਕਰਵਾਇਆ ਸੀ, ਉਹਨਾਂ ਰਾਜਿਆਂ ਦੇ ਵੰਸ਼ਜਾਂ ਨੇ ਹੀ ਦਸਵੇਂ ਪਾਤਸ਼ਾਹ ਵਿਰੁੱਧ ਜੰਗ ਕੀਤੇ ਸਨ। ਨੌਵੇਂ ਪਾਤਸ਼ਾਹ ਨੇ ਤਿਲਕ, ਧੋਤੀ,
ਬੋਧੀ, ਟੋਪੀ ਤੇ ਜਨੇਊ ਦੀ ਰੱਖਿਆ ਲਈ ਦਿੱਲੀ ’ਚ ਆਪਣਾ ਸੀਸ ਵਾਰਿਆ, ਪਰ ਨਵੰਬਰ 1984 ’ਚ ਹਿੰਦੂਆਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ
ਹੀ ਅੱਗ ਲਾ ਦਿੱਤੀ ਤੇ ਹਜ਼ਾਰਾਂ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਸੀ।
“ਤਿਲਕ ਜਨੇਊ ਦੀ ਰੱਖਿਆ ਦਾ, ਓਨ੍ਹਾ ਕਰਜ਼ ਉਤਾਰਿਆ ਸੀ।
ਬਲ਼ਦੇ ਟਾਇਰ ਗਲਾਂ ਵਿੱਚ ਪਾ ਕੇ, ਗੁਰੂ ਪੁੱਤਰਾਂ ਨੂੰ ਮਾਰਿਆ ਸੀ।”


ਅਸੀਂ ਦਰਬਾਰ ਸਾਹਿਬ ’ਤੇ ਹਮਲਾ ਅਤੇ ਢੱਠਾ ਸ੍ਰੀ ਅਕਾਲ ਤਖ਼ਤ ਸਾਹਿਬ ਕਿਵੇਂ ਭੁੱਲ ਜਾਈਏ ? ਨਹੀਂ ਭੁੱਲਣਾ, ਨਾ ਹੀ ਅਸੀਂ ਭੁੱਲਾਂਗੇ ਤੇ ਨਾ ਹੀ
ਆਪਣੀ ਕੌਮ ਅਤੇ ਆਪਣੇ ਦੁਸ਼ਮਣਾਂ ਨੂੰ ਭੁੱਲਣ ਦਿਆਂਗੇ। ਇਸ ਹਮਲੇ ਨਾਲ਼ ਸਿੱਖਾਂ ਅਤੇ ਹਿੰਦੂਆਂ ਵਿਚਾਲ਼ੇ, ਪੰਜਾਬ ਅਤੇ ਭਾਰਤ ਵਿਚਾਲ਼ੇ ਲਕੀਰ
ਖਿੱਚੀ ਗਈ ਸੀ। ਘੱਲੂਘਾਰੇ ਪਿੱਛੋਂ ਖ਼ਾਲਿਸਤਾਨੀ ਫ਼ੋਰਸਾਂ ਬਣੀਆਂ ਤੇ ਸਿੰਘਾਂ-ਸਿੰਘਣੀਆਂ ਨੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸ਼ਹਾਦਤਾਂ ਦਾ ਹੜ੍ਹ
ਲਿਆਂਦਾ ਤੇ ਸਰਕਾਰ ਨੂੰ ਦੱਸ ਦਿੱਤਾ ਕਿ ਸਿੱਖ ਹੁਣ ਅਜ਼ਾਦੀ, ਅਜ਼ਾਦੀ, ਅਜ਼ਾਦੀ ਤੇ ਸਿਰਫ਼ ਅਜ਼ਾਦੀ ਚਾਹੁੰਦੇ ਹਨ। ਇਹਨਾਂ ਜੁਝਾਰੂਆਂ ਨੂੰ ਸਾਡੀ ਕੌਮ
ਆਪਣੇ ਨਾਇਕਾਂ, ਅਜ਼ਾਦੀ ਦੇ ਪ੍ਰਵਾਨਿਆਂ, ਸਿੱਖ ਧਰਮ ਅਤੇ ਫ਼ਸਲਾਂ, ਨਸਲਾਂ ਤੇ ਪਾਣੀਆਂ ਦੇ ਰਾਖਿਆਂ ਵਜੋਂ ਯਾਦ ਕਰਦੀ ਹੈ।
“ਮੱਸੇ ਰੰਘੜ ਦਾ ਸਿਰ ਵੱਢਣ ਵਾਲ਼ੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਏ ਦੇ ਪੋਤਰੇ ਸ. ਰਤਨ ਸਿੰਘ ਭੰਗੂ ਜੋ ਪ੍ਰਾਚੀਨ ਪੰਥ ਪ੍ਰਕਾਸ਼ ’ਚ ਲਿਖਦੇ ਹਨ:-
“ਹਮ ਕੋ ਸਤਿਗੁਰ ਬਚਨ ਪਾਤਿਸ਼ਾਹੀ।” “ਧਰੂ ਵਿਧਰਤ ਔ ਧਵਲ ਡੁਲਾਇ। ਸਤਿਗੁਰੂ ਬਚਨ ਨਾ ਖਾਲੀ ਜਾਇ।”
ਅਜੋਕੇ ਸਮੇਂ ਵਿੱਚ ਵਾਪਰ ਰਹੀ ਹਰ ਘਟਨਾ ਦੀ ਪੀੜ ਨੂੰ ਗ਼ੁਲਾਮੀ ਵਾਂਗ ਮਹਿਸੂਸ ਕਰਕੇ ਹਰ ਸਿੱਖ ਦੇ ਹਿਰਦੇ ’ਚੋਂ ਇਹ ਹੂਕ ਨਿਕਲਦੀ ਹੈ ਕਿ “ਤੂੰ
ਬਹੁੜੀਂ ਕਲਗੀ ਵਾਲ਼ਿਆ, ਕੋਈ ਦੇਸ ਨਾ ਸਾਡਾ। ਸੁਪਨਾ ਪੁਰੀ ਅਨੰਦ ਦਾ, ਬੇਨੂਰ ਦੁਰਾਡਾ।” ਇਹਨਾਂ ਬੋਲਾਂ ਰਾਹੀਂ ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ
ਨੇ ਸਮੁੱਚੀ ਸਿੱਖ ਕੌਮ ਦੀ ਵੇਦਨਾ ਕਲਗੀਧਰ ਪਾਤਸ਼ਾਹ ਅੱਗੇ ਪ੍ਰਗਟਾਈ ਹੈ ਤੇ ਅਰਜ਼ੋਈ ਕੀਤੀ ਹੈ ਕਿ ਆਪਣਾ ਕੋਈ ਦੇਸ ਨਾ ਹੋਣ ਕਰਕੇ ਅਸੀਂ
ਖ਼ੁਆਰ ਹੋ ਰਹੇ ਹਾਂ। ਉਹਨਾਂ ਸਿੱਖ ਕੌਮ ਦੀ ਪੀੜਾ ਅਤੇ ਹਾਲਤ ਨੂੰ ਬਿਆਨ ਕਰਦਿਆਂ ਲਿਿਖਆ ਹੈ ਕਿ “ਮੁਲਖਾਂ ਵਾਲ਼ਿਆਂ ਲਾਇਆ, ਦਰਵੇਸ਼ ਨਾ
ਆਢਾ। ਤੂੰ ਬਹੁੜੀਂ ਕਲਗ਼ੀ ਵਾਲ਼ਿਆ, ਕੋਈ ਦੇਸ ਨਾ ਸਾਡਾ।”


ਸੋ, ਗੁਰੂ ਬਖ਼ਸ਼ਿਸ਼ ਸਦਕਾ ਇੱਕ ਦਿਨ ਜ਼ਰੂਰ ਸਾਡਾ ਵੀ ਰਾਜ ਅਤੇ ਦੇਸ ਹੋਵੇਗਾ, ਜਿਸ ਦਾ ਨਾਂ ਸਿੱਖੀ ਅਤੇ ਖ਼ਾਲਸਈ ਮਾਨਸਿਕਤਾ ਅਨੁਸਾਰ
‘ਖ਼ਾਲਿਸਤਾਨ’ ਹੋਵੇਗਾ। ਇਹ ਸੁਪਨਾ ਨਹੀਂ, ਹਕੀਕਤ ਹੈ, ਸਾਡਾ ਗੁਰੂ ’ਤੇ ਭਰੋਸਾ ਹੈ। ਹਰ ਅਣਖ਼ੀ ਸਿੱਖ ਦੀ ਰੀਝ ਹੈ ਕਿ ਸਿੱਖਾਂ ਦਾ ਗ਼ੁਲਾਮੀ ਤੋਂ
ਛੁਟਕਾਰਾ ਹੋਵੇ, ਸਿੱਖ ਅਜ਼ਾਦੀ ਮਾਨਣ, ਸਿੱਖਾਂ ਦਾ ਵੀ ਆਪਣਾ ਮੁਲਕ ਹੋਵੇ ਜਿੱਥੇ ਸਾਡਾ ਧਰਮ, ਇਸ਼ਟ, ਬੋਲੀ, ਸੱਭਿਆਚਾਰ, ਪਹਿਰਾਵਾ, ਕਕਾਰ,
ਸਿਧਾਂਤ, ਗੁਰਧਾਮ, ਧੀਆਂ-ਭੈਣ ਅਤੇ ਕੁਦਰਤੀ ਸ੍ਰੋਤ ਸੁਰੱਖਿਅਤ ਰਹਿਣ।
ਸਾਨੂੰ ਇਹ ਗੱਲ ਸਮਝਣ ਦੀ ਵੀ ਲੋੜ ਹੈ ਕਿ ਭਾਰਤ ਦੀ ਰਾਜਸੱਤਾ ਭਾਵੇਂ ਹਿੰਦੂ ਹਾਕਮਾਂ ਦੇ ਹੱਥ ’ਚ ਹੈ ਪਰ ਫਿਰ ਵੀ ਸੌ ਕਰੋੜ ਹਿੰਦੂ ਆਪਣੇ ਆਪ ਨੂੰ
ਖ਼ਤਰੇ ’ਚ ਮਹਿਸੂਸ ਕਰਦੇ ਹੋਏ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ ਤੇ ਫਿਰ ਦੋ ਕਰੋੜ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਿਵੇਂ ਕਰ ਸਕਦੇ
ਹਨ, ਅਸੀਂ ‘ਸਿੱਖ ਰਾਸ਼ਟਰ’ ਦੀ ਗੱਲ ਕਿਉਂ ਨਾ ਕਰੀਏ ਜਦ ਕਿ ਸਾਡਾ ਤਾਂ ਖ਼ਾਲਿਸਤਾਨ ਬਿਨਾਂ ਗੁਜ਼ਾਰਾ ਹੀ ਨਹੀਂ ਹੈ। ਖ਼ਾਲਿਸਤਾਨ ਹੀ ਪੰਥ ਅਤੇ
ਪੰਜਾਬ ਦੇ ਮਸਲਿਆਂ ਦਾ ਹੱਲ ਹੈ। ਅਰਦਾਸ ਕਰਦੇ ਹਾਂ ਕਿ ਖ਼ਾਲਿਸਤਾਨ ਜਲਦ ਹੋਂਦ ਵਿੱਚ ਆਵੇ।


- ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
……………………………………………….

Have something to say? Post your comment

More From Article

               ਪੰਜਾਬੀ ਨਾਲ ਜੁੜਿਆ ਬਾਵਾ

ਪੰਜਾਬੀ ਨਾਲ ਜੁੜਿਆ ਬਾਵਾ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼?   —  ਗੁਰਚਰਨਜੀਤ ਸਿੰਘ `ਲਾਂਬਾ`

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼? — ਗੁਰਚਰਨਜੀਤ ਸਿੰਘ `ਲਾਂਬਾ`

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਤਣਾਅ ਦਾ ਬੋਝ

ਤਣਾਅ ਦਾ ਬੋਝ

ਸਿੰਧੂ ਪਾਣੀ ਵੰਡ ,ਇੱਕ ਗੰਭੀਰ ਸਮੱਸਿਆ, ਵਿਰਤਾਂਤ ਸਿਰਜਣਾ ਨੂੰ ਸਮਝਣ ਦੀ ਲੋੜ

ਸਿੰਧੂ ਪਾਣੀ ਵੰਡ ,ਇੱਕ ਗੰਭੀਰ ਸਮੱਸਿਆ, ਵਿਰਤਾਂਤ ਸਿਰਜਣਾ ਨੂੰ ਸਮਝਣ ਦੀ ਲੋੜ

"ਜ਼ਫ਼ਰੀਅਤ" ਕਿਤਾਬ ਦੇ ਲੇਖਕ ਦਾ ਇਕਬਾਲੀਆ ਲੇਖ, "ਯਾਦ ਦੀ ਸਥਿਤੀ"