ਅੰਮ੍ਰਿਤਸਰ ਜਿਲ੍ਹੇ ਵਿਚ ਡੇਂਗੂ ਦੇ 118 ਅਤੇ ਚਿਕਨਗੁਨੀਆ ਦੇ 73 ਕੇਸ ਆਏ
-ਲੋਕ ਆਪਣੇ ਘਰਾਂ ਦੇ ਹਰੇਕ ਖੂੰਜੇ ਵਿਚ ਪਏ ਫਾਲਤੂ ਪਾਣੀ ਨੂੰ ਕੱਢਣ
ਅੰਮ੍ਰਿਤਸਰ, 17 ਅਗਸਤ ( ਕੁਲਜੀਤ ਸਿੰਘ )-ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਇਸ ਸਾਲ ਵਿਚ ਡੇਂਗੂ ਅਤੇ ਚਿਕਨਗੁਨੀਆ ਨਾਲ ਨਜਿਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਲਗਾਤਾਰ ਇਹ ਯਤਨ ਜਾਰੀ ਹਨ, ਪਰ ਇੰਨਾ ਬਿਮਾਰੀਆਂ ਨੂੰ ਪੂਰੀ ਤਰਾਂ ਠੱਲਣ ਲਈ ਲੋਕਾਂ ਦਾ ਸਾਥ ਬਹੁਤ ਜਰੂਰੀ ਹੈ। ਜਿੰਨਾ ਚਿਰ ਸਾਰੇ ਲੋਕ ਆਪਣੇ ਘਰਾਂ ਦੇ ਖੂੰਜਿਆ ਵਿਚ ਪਏ ਫਾਲਤੂ ਗਮਲਿਆਂ, ਖਾਲੀ ਟਾਇਰਾਂ, ਕੂਲਰਾਂ ਤੇ ਹੋਰ ਸਾਧਨਾਂ ਵਿਚ ਪਿਆ ਫਾਲਤੂ ਪਾਣੀ ਕੱਢ ਨਹੀਂ ਦਿੰਦੇ ਤਦ ਤੱਕ ਇਸ ਨੂੰ ਫੈਲਣ ਤੋਂ ਰੋਕਿਆ ਨਹੀਂ ਜਾ ਸਕਦਾ। ਜਿਲ੍ਹਾ ਐਪੀਡੀਮੋਲੋਜਿਸਟ ਡਾ. ਹਰਜੋਤ ਕੌਰ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੇ ਕੁਮਾਰ ਦੇ ਆਦੇਸਾਂ ਹੇਠ ਘਰਾਂ, ਸਕੂਲਾਂ, ਪ੍ਰਾਈਵੇਟ ਅਦਾਰਿਆਂ ਅਤੇ ਸਰਕਾਰੀ ਅਦਾਰਿਆਂ ਵਿੱਚ ਵੱਖ ਵੱਖ ਟੀਮਾਂ ਭੇਜ ਕੇ ਸਮੇਂ ਸਮੇਂ ਉਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਥੇ ਕਿਧਰੇ ਵੀ ਡੇਂਗੂ ਦਾ ਲਾਰਵਾ ਮਿਲਦਾ ਹੈ ਓਥੇ ਕਾਲੇ ਤੇਲ ਦਾ ਛਿੜਕਾਵ ਅਤੇ ਸਪਰੇ ਕਰਵਾਈ ਜਾਂਦੀ ਹੈ।
ਡਾ ਹਰਜੋਤ ਕੌਰ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿੱਚ ਡੇਂਗੂ ਦੇ 118 ਤੇ ਚਿਕਨਗੁਨੀਆਂ ਦੇ 73 ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜਿਨ੍ਹਾਂ ਘਰਾਂ ਵਿੱਚੌਂ ਲਾਰਵਾ ਮਿਲਿਆ ਓਹਨਾਂ ਘਰਾਂ ਦੇ ਹੁਣ ਤੱਕ 736 ਚਲਾਨ ਵੀ ਕੱਟੇ ਗਏ ਹਨ। ਉਨਾਂ ਦੱਸਿਆ ਕਿ ਹਰ ਰੋਜ਼ ਹੀ ਸਿਹਤ ਵਿਭਾਗ ਦੀਆਂ ਟੀਮਾਂ ਵੱਖ-ਵੱਖ ਥਾਵਾਂ ਤੇ ਜਾ ਕੇ ਐਂਟੀ-ਲਾਰਵਾ ਗਤੀਵਿਧੀਆਂ ਕਰ ਰਹੀਆਂ ਹਨ। ਇਸ ਤੋਂ ਇਲਾਵਾ ਹਰ ਸੁਕੱਰਵਾਰ ‘ਡੇਂਗੂ ਤੇ ਵਾਰ’ ਮੁਹਿੰਮ ਤਹਿਤ ਸਟੇਟ ਪ੍ਰੋਗਰਾਮ ਅਫ਼ਸਰ ਦੇ ਦਿਸ਼ਾ ਨਿਰਦੇਸ਼ਾ ਤੇ ਖਾਸ ਸਥਾਨਾਂ ਤੇ ਜਾ ਕੇ ਵੀ ਲਾਰਵੇ ਦੀ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਡੇਂਗੂ ਅਤੇ ਚਿਕਨਗੁਨੀਆ ਨਾਲ ਸਬੰਧਤ ਜਾਣਕਾਰੀ ਭਰਪੂਰ ਲਿਖਤੀ ਸਾਹਿਤ ਦੀ ਵੰਡ ਕੀਤੀ ਜਾਂਦੀ ਹੈ ਤਾਂ ਜੋ ਕਿ ਲੋਕ ਜਾਗਰੂਕ ਹੋਣ। ਉਨਾਂ ਦੱਸਿਆ ਕਿ ਸਾਡੀਆਂ ਟੀਮਾਂ ਜਿਥੇ ਬੁਖਾਰ ਦਾ ਕੋਈ ਵੀ ਕੇਸ ਆਉਦਾ ਹੈ ਓੁਥੇ ਨੇੜਲੇ ਘਰਾਂ ਦਾ ਸਰਵੇ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਉਨਾਂ ਦੱਸਿਆ ਕਿ ਸ਼ੱਕੀ ਮਰੀਜ਼ ਸਿਵਲ ਹਸਪਤਾਲ ਜਾਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਇਲਾਜ ਲਈ ਆਉਣ, ਜਿੱਥੇ ਡੇਂਗੂ ਟੈਸਟਿੰਗ ਕਿੱਟ ਵੀ ਭਰਭੂਰ ਮਾਤਰਾ ਵਿੱਚ ਹਨ। ਉਨਾਂ ਨਿੱਜੀ ਹਸਪਤਾਲਾਂ ਨੂੰ ਵੀ ਤਾਕੀਦ ਕੀਤੀ ਕਿ ਕਿ ਉਹ ਸ਼ੱਕੀ ਕੇਸ ਦੇ ਸੈਂਪਲ ਸਰਕਾਰੀ ਹਸਪਤਾਲਾਂ ਨੂੰ ਭੇਜਣ ਤਾਂ ਜੋ ਮਰੀਜਾਂ ਦਾ ਆਰਥਿਕ ਨੁਕਸਾਨ ਨਾ ਹੋਵੇ।