ਪੰਜਾਬ ਵਿੱਚ ਅਕਤੂਬਰ ਦੇ ਅਖੀਰ ਤੱਕ ਵੀ ਗਰਮੀ ਘੱਟਣ ਦਾ ਨਾਮ ਨਹੀਂ ਲੈ ਰਹੀ। ਬੀਤੇ ਦਿਨ ਰਾਜ ਦਾ ਅਧਿਕਤਮ ਤਾਪਮਾਨ ਲਗਭਗ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਲਗਭਗ ਢਾਈ ਡਿਗਰੀ ਜ਼ਿਆਦਾ ਹੈ। ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ 4–5 ਡਿਗਰੀ ਵੱਧ ਦਰਜ ਹੋ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਮੁਤਾਬਕ, ਪਿਛਲੇ 70 ਸਾਲਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਅਕਤੂਬਰ ਦੇ ਅੰਤ ਵਿੱਚ ਇੰਨਾ ਵੱਧ ਤਾਪਮਾਨ ਦਰਜ ਹੋਇਆ ਹੈ। ਇਸ ਤੋਂ ਪਹਿਲਾਂ 2024 ਵਿੱਚ ਵੀ ਐਸਾ ਹੀ ਮੌਸਮੀ ਰੁਝਾਨ ਦੇਖਿਆ ਗਿਆ ਸੀ।
ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਖੁਸ਼ਕ ਰਹੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਠੰਢ ਦੇਰੀ ਨਾਲ ਆਉਣ ਦੀ ਸੰਭਾਵਨਾ ਹੈ।
ਹਾਲਾਂਕਿ, ਨਵੰਬਰ ਦੀ ਸ਼ੁਰੂਆਤ ਨਾਲ ਹੀ ਮੌਸਮ ਵਿੱਚ ਹੌਲੀ-ਹੌਲੀ ਬਦਲਾਅ ਦੇ ਅਸਾਰ ਹਨ। ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਵਿੱਚ ਨਵੀਂ ਪੱਛਮੀ ਗੜਬੜੀ ਦੇ ਚੱਲਦੇ, ਪੰਜਾਬ ਵਿੱਚ ਸਵੇਰ ਤੇ ਰਾਤਾਂ ਹੌਲੀ ਠੰਢੀ ਹੋਣ ਲੱਗ ਪਈਆਂ ਹਨ। ਅਗਲੇ ਦਿਨਾਂ ਵਿੱਚ ਠੰਢੀਆਂ ਹਵਾਵਾਂ ਦਾ ਪ੍ਰਭਾਵ ਤੇਜ਼ ਹੋਵੇਗਾ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਤੇ ਕਈ ਖੇਤਰਾਂ ਵਿੱਚ ਧੁੰਦ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।