ਬੈਂਗਲੁਰੂ — ਆਨਲਾਈਨ ਖਰੀਦਦਾਰੀ ਦੇ ਯੁੱਗ ਵਿੱਚ ਜਿੱਥੇ ਸਹੂਲਤ ਮਿਲਦੀ ਹੈ, ਓਥੇ ਧੋਖਾਧੜੀ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਤਾਜ਼ਾ ਮਾਮਲਾ ਬੈਂਗਲੁਰੂ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਇੰਜੀਨੀਅਰ ਨਾਲ ₹1.86 ਲੱਖ ਰੁਪਏ ਦੀ ਵੱਡੀ ਠੱਗੀ ਹੋ ਗਈ।
ਪੀੜਤ ਦੀ ਪਛਾਣ 43 ਸਾਲਾ ਪ੍ਰੇਮਾਨੰਦ ਵਜੋਂ ਹੋਈ ਹੈ, ਜਿਸਨੇ 14 ਅਕਤੂਬਰ ਨੂੰ ਐਮਾਜ਼ਾਨ ਰਾਹੀਂ ਇੱਕ ਪ੍ਰੀਮੀਅਮ Samsung Galaxy Z Fold 7 ਸਮਾਰਟਫੋਨ ਮੰਗਵਾਇਆ ਸੀ। ਉਸਨੇ HDFC ਬੈਂਕ ਕਾਰਡ ਨਾਲ ਪੂਰਾ ਭੁਗਤਾਨ ਕੀਤਾ ਅਤੇ ਸੁਰੱਖਿਆ ਲਈ ਅਨਬਾਕਸਿੰਗ ਦੀ ਵੀਡੀਓ ਵੀ ਬਣਾਈ। ਪਰ ਜਦੋਂ ਡਿਲੀਵਰੀ ਆਈ — ਡੱਬੇ ਅੰਦਰ ਮੋਬਾਈਲ ਦੀ ਥਾਂ ਖਾਲੀ ਪੈਕੇਟ ਮਿਲਿਆ।
ਘਟਨਾ ਦੇ ਸਾਹਮਣੇ ਆਉਂਦੇ ਹੀ ਪ੍ਰੇਮਾਨੰਦ ਨੇ ਤੁਰੰਤ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (NCRP) 'ਤੇ ਸ਼ਿਕਾਇਤ ਦਰਜ ਕਰਵਾਈ ਅਤੇ ਬਾਅਦ ਵਿੱਚ ਕੁਮਾਰਸਵਾਮੀ ਲੇਆਉਟ ਪੁਲਿਸ ਨਾਲ ਸੰਪਰਕ ਕੀਤਾ।
ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66(d) ਅਤੇ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾ 318(4) ਅਤੇ 319(2) ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
ਪ੍ਰੇਮਾਨੰਦ ਨੇ ਕਿਹਾ ਕਿ ਉਹ ਡੱਬਾ ਖੋਲ੍ਹਣ ਦੀ ਵੀਡੀਓ ਅਦਾਲਤੀ ਸਬੂਤ ਵਜੋਂ ਪੇਸ਼ ਕਰਨਗੇ। ਪੁਲਿਸ ਅਬ ਪਤਾ ਲਗਾ ਰਹੀ ਹੈ ਕਿ ਇਹ ਠੱਗੀ ਡਿਲੀਵਰੀ ਸਤਰ 'ਤੇ ਹੋਈ ਜਾਂ ਵਿਕਰੇਤਾ ਪੱਧਰ 'ਤੇ।