ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੀ ਕਾਰਵਾਈ ਕਰਦਿਆਂ ਤਿੰਨ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਵਿਦੇਸ਼ 'ਚ ਬੈਠੇ ਇਕ ਵਿਅਕਤੀ ਤੋਂ ਪੈਸੇ ਲੈ ਕੇ ਦੋ ਵੱਖ-ਵੱਖ ਥਾਵਾਂ 'ਤੇ “ਖਾਲਿਸਤਾਨ ਜਿੰਦਾਬਾਦ” ਦੇ ਨਾਅਰੇ ਲਿਖੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਚਾਰ ਮੋਬਾਈਲ ਫੋਨ ਅਤੇ ਇੱਕ ਵਾਈਫਾਈ ਡੋਂਗਲ ਬਰਾਮਦ ਕੀਤੀ ਹੈ।
ਐਸਪੀ (ਡੀ) ਜਸਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਾਅਰੇ ਬਠਿੰਡਾ ਦੇ ਪਿੰਡ ਮਾਨਾਵਾਲਾ ਅਤੇ ਪੀਐਮ ਕੇਂਦਰੀ ਵਿਦਿਆਲਿਆ, ਏਅਰਫੋਰਸ ਸਟੇਸ਼ਨ ਦੀ ਕੰਧ 'ਤੇ ਅੰਗਰੇਜ਼ੀ ਵਿੱਚ ਲਿਖੇ ਗਏ ਸਨ। ਪੁਲਿਸ ਨੇ ਜਾਂਚ ਦੌਰਾਨ ਤਿੰਨ ਨੌਜਵਾਨਾਂ — ਨਵਜੋਤ ਸਿੰਘ, ਰਾਜਪ੍ਰੀਤ ਸਿੰਘ (ਦੋਵੇਂ ਵਾਸੀ ਕਾਲੀਏਵਾਲਾ, ਜ਼ਿਲ੍ਹਾ ਫਿਰੋਜ਼ਪੁਰ) ਅਤੇ ਹਰਜਿੰਦਰ ਸਿੰਘ (ਵਾਸੀ ਮਾਨਾਵਾਲਾ) — ਨੂੰ ਗ੍ਰਿਫਤਾਰ ਕੀਤਾ ਹੈ।
ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਕੈਨੇਡਾ 'ਚ ਬੈਠੇ ਪਵਨਪ੍ਰੀਤ ਸਿੰਘ ਨੇ ਇਨ੍ਹਾਂ ਨੂੰ ਪੈਸੇ ਭੇਜ ਕੇ ਨਾਅਰੇ ਲਿਖਣ ਲਈ ਪ੍ਰੇਰਿਤ ਕੀਤਾ ਸੀ। ਹਰਜਿੰਦਰ ਸਿੰਘ ਨੂੰ ਸਕੂਲ ਦੀ ਕੰਧ 'ਤੇ ਨਾਅਰੇ ਲਿਖਣ ਲਈ 2000 ਰੁਪਏ ਸਕੈਨਰਾਂ ਰਾਹੀਂ ਭੇਜੇ ਗਏ ਸਨ।
ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਦੋਸ਼ੀਆਂ ਵੱਲੋਂ ਹੋਰ ਕਿਹੜੀਆਂ ਥਾਵਾਂ 'ਤੇ ਅਜਿਹੀਆਂ ਗਤੀਵਿਧੀਆਂ ਕਰਨ ਦੀ ਯੋਜਨਾ ਬਣਾਈ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਜਾਰੀ ਹੈ।