ਸ਼ਿਵਸੈਨਾ (UBT) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਸਾਂਸਦ ਸੰਜੇ ਰਾਉਤ ਦੀ ਸਿਹਤ ਨੂੰ ਲੈ ਕੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਦੋ ਮਹੀਨਿਆਂ ਤੱਕ ਰਾਜਨੀਤਿਕ ਅਤੇ ਜਨਤਕ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਰਾਉਤ ਨੇ ਆਪਣੇ ਵਰਕਰਾਂ ਨੂੰ ਇਕ ਭਾਵੁਕ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਸਿਹਤ ਵਿੱਚ ਗੰਭੀਰ ਗਿਰਾਵਟ ਆਈ ਹੈ, ਪਰ ਇਲਾਜ ਚੱਲ ਰਿਹਾ ਹੈ ਅਤੇ ਉਹ ਜਲਦੀ ਠੀਕ ਹੋ ਜਾਣਗੇ। ਉਨ੍ਹਾਂ ਨੇ ਕਿਹਾ, “ਜੈ ਮਹਾਰਾਸ਼ਟਰ! ਤੁਹਾਡਾ ਪਿਆਰ ਤੇ ਆਸ਼ੀਰਵਾਦ ਹਮੇਸ਼ਾਂ ਮੇਰੇ ਨਾਲ ਰਹੇ, ਮੈਂ ਨਵੇਂ ਸਾਲ 'ਚ ਤੁਹਾਨੂੰ ਮਿਲਣ ਆਵਾਂਗਾ।”
ਸੂਤਰਾਂ ਅਨੁਸਾਰ, ਰਾਉਤ ਨੂੰ ਕੁਝ ਸਮਾਂ ਪਹਿਲਾਂ ਵੀ ਗਲੇ ਵਿੱਚ ਤਕਲੀਫ਼ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹੁਣ ਇੱਕ ਵਾਰ ਫਿਰ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।