ਵਿਦੇਸ਼ ਵਿੱਚ ਸੁਨਹਿਰੇ ਭਵਿੱਖ ਦਾ ਸੁਪਨਾ ਦੇਖ ਕੇ ਗਏ ਅਤੇ ਧੋਖੇਬਾਜ਼ ਏਜੰਟਾਂ ਦੇ ਜਾਲ ਵਿੱਚ ਫਸੇ 7 ਪੰਜਾਬੀ ਨੌਜਵਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਸਾਰੇ ਨੌਜਵਾਨ ਜਲਦ ਹੀ ਤਾਜਿਕਿਸਤਾਨ ਤੋਂ ਸੁਰੱਖਿਅਤ ਭਾਰਤ ਵਾਪਸ ਆ ਰਹੇ ਹਨ।
ਇਸ ਦੀ ਪੁਸ਼ਟੀ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਨੌਜਵਾਨ ਦੁਸ਼ਨਬੇ (Dushanbe) ਨੇੜੇ ਫਸੇ ਹੋਏ ਸਨ ਅਤੇ ਉਨ੍ਹਾਂ ਨੂੰ ਸੋਮਵਾਰ ਨੂੰ ਵਾਪਸ ਭੇਜਿਆ ਜਾਵੇਗਾ।
ਇਹ ਮਾਮਲਾ 19 ਅਕਤੂਬਰ ਨੂੰ ਸਾਹਮਣੇ ਆਇਆ ਸੀ ਜਦੋਂ ਨੌਜਵਾਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਧੋਖੇ ਦਾ ਦੋਸ਼ ਲਗਾਇਆ ਅਤੇ ਮਦਦ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇੱਕ ਭਾਰਤੀ ਏਜੰਟ ਨੇ ਵਿਦੇਸ਼ੀ ਨੌਕਰੀ ਦੇ ਝੂਠੇ ਵਾਅਦੇ ਨਾਲ ਧੋਖਾ ਕੀਤਾ, ਤੇ ਤਾਜਿਕਿਸਤਾਨ ਦੇ ਰੋਗਨ ਸ਼ਹਿਰ ਵਿੱਚ ਉਨ੍ਹਾਂ ਦਾ ਮਾਲਕ ਉਨ੍ਹਾਂ ਨਾਲ ਬਦਸਲੂਕੀ ਕਰ ਰਿਹਾ ਹੈ।
ਡਾ. ਸਾਹਨੀ ਨੇ ਤੁਰੰਤ ਕਾਰਵਾਈ ਕਰਦਿਆਂ —
-
ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ,
-
ਨੌਜਵਾਨਾਂ ਦੀ ਲੋਕੇਸ਼ਨ ਤੇ ਦਸਤਾਵੇਜ਼ ਸਾਂਝੇ ਕੀਤੇ,
-
ਅਤੇ ਜਰੂਰਤ ਪੈਣ ‘ਤੇ ਉਨ੍ਹਾਂ ਦੀਆਂ ਏਅਰ ਟਿਕਟਾਂ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਵੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਇਹ ਬਚਾਅ ਕਾਰਵਾਈ ਉਨ੍ਹਾਂ ਦੀ ‘Mission Hope’ ਮੁਹਿੰਮ ਦਾ ਹਿੱਸਾ ਹੈ, ਜਿਸ ਤਹਿਤ ਉਹ ਪਹਿਲਾਂ ਵੀ ਓਮਾਨ, ਲੀਬਿਆ, ਤੁਰਕੀ ਤੇ ਯੂਏਈ ਤੋਂ 150 ਤੋਂ ਵੱਧ ਪੰਜਾਬੀਆਂ ਦੀ ਸਫਲ ਵਾਪਸੀ ਕਰਵਾ ਚੁੱਕੇ ਹਨ।
ਫਸੇ ਹੋਏ ਨੌਜਵਾਨ ਪਿੰਡ ਬਿਆਸਣ, ਰਾਏਪੁਰ, ਢੇਰ, ਮੋੜਾ ਤੇ ਘਨੌਲੀ ਦੇ ਰਹਿਣ ਵਾਲੇ ਹਨ। ਉਨ੍ਹਾਂ ਵਿੱਚ ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਰਵਿੰਦਰ ਸਿੰਘ ਤੇ ਮਨਜੀਤ ਸਿੰਘ ਸ਼ਾਮਲ ਹਨ।