ਆਸਾ ਮਹਲਾ ੧ ਚਉਪਦੇ ॥
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥
ਘੁੰਘਰੂ ਵਾਜੈ ਜੇ ਮਨੁ ਲਾਗੈ ॥
ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥
ਆਸ ਨਿਰਾਸੀ ਤਉ ਸੰਨਿਆਸੀ ॥
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥
ਦਇਆ ਦਿਗੰਬਰੁ ਦੇਹ ਬੀਚਾਰੀ ॥
ਆਪਿ ਮਰੈ ਅਵਰਾ ਨਹ ਮਾਰੀ ॥੩॥
ਏਕੁ ਤੂ ਹੋਰਿ ਵੇਸ ਬਹੁਤੇਰੇ ॥
ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥
{ਪੰਨਾ 356}
ਦੁਨੀਆਂ ਦੇ ਸਭ ਤੋਂ ਨਵੀਨਤਮ ਧਰਮਾਂ ਦੇ ਵਿੱਚੋਂ ਇੱਕ ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਰਾਗ ਆਸਾ ਵਿੱਚ ਫੁਰਮਾਉਂਦੇ ਹਨ : ‘‘ਵਿਦਿਆ ਵੀਚਾਰੀ ਤਾਂ; ਪਰਉਪਕਾਰੀ ॥’’ (ਮ: ੧/੩੫੬) ਇਸ ਪਾਵਨ ਪੰਗਤੀ ਰਾਹੀਂ ਆਪ ਫਰਮਾਉਂਦੇ ਹਨ ਕਿ ਵਿੱਦਿਆ ਮਨੁੱਖ ਦੇ ਜੀਵਨ ਦਾ ਅਸਲ ਉਦੇਸ਼ ਹੈ ਅਤੇ ਵਿੱਦਿਆ ਹੀ ਕਿਸੇ ਇਨਸਾਨ ਤੇ ਅੰਦਰੂਨੀ ਗੁਣਾਂ ਨੂੰ ਨਿਖਾਰਦੀ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਈ ਨੂੰ ਸੇਧ ਦਿੰਦੇ ਹਨ ਕਿ ਵਿੱਦਿਆ ਵਿਚਾਰਨ ਉਪਰੰਤ ਹੀ ਇਨਸਾਨ ਪਰਉਪਕਾਰ ਤੇ ਪੈਂਡੇ ਤੇ ਚੱਲਣ ਲਈ ਦਿਸ਼ਾ ਨਿਰਦੇਸ਼ ਦਿੰਦੀ ਹੈ।ਉਪਰੋਕਤ ਵਿਚਾਰਧਾਰਾ ਤੋਂ ਇਹ ਗੱਲ ਬਹੁਤ ਸਪਸ਼ਟ ਹੁੰਦੀ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਉੱਚ ਕੋਟੀ ਦੇ ਦਾਰਸ਼ਨਿਕ ਸਨ ਜੋ ਬਹੁਤ ਦੂਰਅੰਦੇਸ਼ੀ ਸੋਚ ਦੇ ਧਾਰਨੀ ਸਨ।
ਵਿਦਿਆ ਦਾ ਅਸਰ ਮਨੋਰਥ ਤੇ ਮਹੱਤਤਾ
ਸਲੋਕੁ ਮਃ ੧ ॥
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਜੇ ਗੱਡਿਆਂ ਤੇ ਗੱਡੇ ਭਰ ਕੇ ਦੀਆਂ ਪੋਥੀਆਂ ਪੜ੍ਹ ਲਈਏ ਕੀ ਢੇਰਾਂ ਦੇ ਢੇਰ ਲਗਾਏ ਜਾ ਸਕਣ;
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਜੇ ਇੱਕ ਵੱਡਾ ਬੇੜਾ ਭਰ ਕੇ ਪੁਸਤਕਾਂ ਪੜ੍ਹ ਲਈਆਂ ਜਾਣ ਕਿ ਕਈ ਖਾਤੇ ਪੂਰੇ ਜਾ ਸਕਣ;
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਜੇ ਮਹੀਨਿਆਂ ਬੱਧੀ ਪੜ੍ਹ ਕੇ ਸਾਲਾਂ ਦੇ ਸਾਲ ਪੜ੍ਹਾਈ ਵਿੱਚ ਗੁਜ਼ਾਰ ਦਿੱਤੇ ਜਾਣ
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ)।
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ ॥੧॥
ਵਿੱਦਿਆ ਪ੍ਰਾਪਤ ਕਰਨ ਦਾ ਮੰਤਵ ਸਿਰਫ ਪਾਠ ਪੁਸਤਕਾਂ ਨੂੰ ਪੜ੍ਹਨ ਅਤੇ ਦੁਹਰਾਣ ਤਕ ਹੀ ਸੀਮਤ ਨਹੀ ਬਲਕਿ ਇਸ ਦਾ ਅਸਲ ਉਦੇਸ਼ ਮਨੁੱਖ ਨੂੰ ਸੰਪੂਰਨ ਕਰਨਾ ਹੁੰਦਾ ਹੈ। ਵਿੱਦਿਆ ਮਨੁੱਖ ਦੇ ਅੰਦਰੂਨੀ ਹਨੇਰਿਆਂ ਨੂੰ ਦੂਰ ਕਰਦੀ ਹੈ ਅਤੇ ਮਨੁੱਖ ਨੂੰ ਸਮਝਦਾਰ, ਸਹਿਣਸ਼ੀਲ, ਤੇ ਪਰਉਪਕਾਰੀ ਬਣਾਉਂਦੀ ਹੈ।
"ਵੀਚਾਰ" ਦਾ ਅਰਥ
ਦੁਨਿਆਵੀ ਵਿੱਦਿਆ ਨੂੰ ਹਾਸਲ ਕਰਕੇ ਜੇਕਰ ਉਸਦੇ ਉੱਤੇ ਸੋਚ-ਵਿਚਾਰ ਨਾ ਕੀਤਾ ਜਾਵੇ ਤਾਂ ਉਹ ਸਿਰਫ ਤੋਤਾ ਰਟਨ ਹੀ ਰਹਿ ਜਾਂਦੀ ਹੈ। ਪਰ ਜਦੋਂ ਅਸੀਂ ਉਸ ਵਿੱਦਿਆ ਅਤੇ ਗਿਆਨ 'ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹਾਂ, ਤਾਂ ਉਹ ਮਨੁੱਖ ਦਾ ਸੁਚੱਜਾ ਚਰਿੱਤਰ ਨਿਰਮਾਣ ਕਰਦੀ ਹੈ। ਗੁਰੂ ਸਾਹਿਬ ਬਹੁਤ ਸਪਸ਼ਟ ਸ਼ਬਦਾਂ ਵਿੱਚ ਫਰਮਾਉਂਦੇ ਹਨ ਕਿ ਜੋ ਵਿਦਿਆ ਮਨੁੱਖ ਨੂੰ ਪਰਉਪਕਾਰੀ ਬਣਾਉਂਦੀ ਹੈ ਉਹੀ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੈ।
ਪਰਉਪਕਾਰ ਦੀ ਲੋੜ ਅਤੇ ਲਾਭ
ਅੱਜ ਦੇ ਪਦਾਰਥਵਾਦ ਨਾਲ ਗ੍ਰਸਤ ਸਮਾਜ ਵਿੱਚ ਜਿੱਥੇ ਸਵਾਰਥ, ਲਾਲਚ ਅਤੇ ਹੋੜ ਦਾ ਰਾਜ ਹੈ, ਉੱਥੇ "ਪਰਉਪਕਾਰ" ਵਰਗੀਆਂ ਮੂਲ ਨੈਤਿਕ ਭਾਵਨਾਵਾਂ ਦੀ ਲੋੜ ਮਨੁੱਖ ਨੂੰ ਸਾਹਾਂ ਲਈ ਲੋੜਦੀ ਹਵਾ ਵਾਂਗ ਹੈ। ਕਿਸੇ ਵੀ ਕਿੱਤੇ ਦਾ ਮਾਹਰ ਜਦੋਂ ਆਪਣੇ ਸਿਖਿਆਰਥੀ ਨੂੰ ਕਿੱਤਾ ਸਿਖਲਾਈ ਦੇ ਨਾਲ ਪਰਉਪਕਾਰ ਤੇ ਦਇਆ ਦੀ ਭਾਵਨਾ ਪ੍ਰਤੀ ਸੁਚੇਤ ਕਰਦਾ ਹੈ ਤਾਂ ਉਸ ਦਾ ਕਾਰਜ ਸ਼ਲਾਗਾਯੋਗ ਹੈ।
ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥
ਅੰਗ: ੧੩੨੯, ਮਃ ੧, ਪ੍ਰਭਾਤੀ
ਉਪਰੋਕਤ ਗੁਰਬਾਣੀ ਦੀਆਂ ਪਾਵਨ ਤੁਕਾਂ ਵਿੱਚ ਗੁਰੂ ਸਾਹਿਬ ਉਪਦੇਸ਼ ਦਿੰਦੇ ਹਨ ਕਿ ਜੋ ਮਨੁੱਖ ਸੱਚੇ ਗੁਰੂ ਦਾ ਓਟ ਆਸਰਾ ਲੈ ਕੇ ਅਕਾਲ ਪੁਰਖ ਦਾ ਨਾਮ ਜਪਣ ਦੀ ਵਿੱਦਿਆ ਹਾਸਿਲ ਕਰਕੇ ਉਸ ਵਿੱਦਿਆ ਦੇ ਵਿਚਾਰ ਕਰਦਾ ਹੈ ਤਾਂ ਉਹ ਜਗਤ ਵਿੱਚ ਸਫਲਤਾ ਦੇ ਨਵੇਂ ਸਿਖਰਾਂ ਨੂੰ ਛੂਹਦਾ ਹੈ।
ਬਿਨ ਬਿਦਿਆ ਕਹਾ ਕੋਈ ਪੰਡਿਤ।।
(ਮਾਰੂ ਕਬੀਰ ਜੀ-੧੧੦੩)
ਗੁਰਬਾਣੀ ਮਨੁੱਖ ਨੂੰ ਤਾਕੀਦ ਕਰਦੀ ਹੈ ਕਿ ਅਸਲ ਪੰਡਿਤ ਉਹ ਨਹੀਂ ਹੈ ਜੋ ਆਪਣੇ ਜਨਮ ਅਨੁਸਾਰ ਪੰਡਿਤ ਹੈ। ਪੰਡਤੀ ਉਪਾਧੀ ਤਾਂ ਉਸ ਮਹਾਨ ਮਨੁੱਖ ਦੀ ਝੋਲੀ ਪੈਂਦੀ ਹੈ ਜੋ ਵਿੱਦਿਆ ਨੂੰ ਵਿਚਾਰਦੇ ਹੋਏ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਸੱਚੀ ਵਿੱਦਿਆ ਪ੍ਰਾਪਤ ਕਰਦਾ ਹੈ।
ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ਹੀ ਕਮਾਣਾ ਨਾਉ ॥
ਗੁਰਬਾਣੀ ਅਨੁਸਾਰ ਜਿਸ ਨੇ ਮਾਨਸ ਰੂਪ ਵਿੱਚ ਅਕਾਲ ਪੁਰਖ ਦੇ ‘ਨਾਮ’ ਦੀ ਕਮਾਈ ਕੀਤੀ ਹੈ ਉਹੀ ਮਨੁੱਖ ਵਿਦਵਾਨ ਪੰਡਿਤ ਤੇ ਸਿਆਣਾ ਹੈ।
ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ :
‘‘ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ॥’’
(ਮ: ੧/੪੧੭)
ਜਿਹੜੇ ਮਨੁੱਖ ਪ੍ਰਾਪਤ ਕੀਤੀ ਵਿੱਦਿਆ ਨੂੰ ਕੇਵਲ ਧਨ ਪਦਾਰਥਾਂ ਦੀ ਖ਼ਾਤਰ ਹੀ ਵੇਚਦੇ ਹਨ, ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ
ਵਿਦਿਆ ਦਾ ਅਸਲ ਉਦੇਸ਼ ਇਹ ਹੈ ਕਿ ਵਿੱਦਿਆ ਮਨੁੱਖ ਦੇ ਮਨ ਦੀ ਸਾਰੀ ਅਗਿਆਨਤਾ ਨੂੰ ਦੂਰ ਕਰ ਕੇ ਉਸ ਦੇ ਅੰਦਰ ਗਿਆਨ ਦੀ ਚਿਣਗ ਜਗਾਵੇ ।
ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ :
ਗਿਆਨ ਰਤਨਿ ਸਭ ਸੋਝੀ ਹੋਇ ॥
(ਮ: ੩/੩੬੪)
ਇਹ ਗਿਆਨ ਹੀ ਹੈ ਜੋ ਮਨੁੱਖ ਦੇ ਮਨ ਵਿੱਚੋਂ ਵਿਕਾਰਾਂ ਨੂੰ ਖ਼ਤਮ ਕਰਦਾ ਹੈ । ਇਸ ਤਰ੍ਹਾਂ ਮਨੁੱਖ ਦੁਆਰਾ ਪ੍ਰਾਪਤ ਕੀਤੀ ਵਿੱਦਿਆ ਸਮਾਜ ਲਈ ਪਰਉਪਕਾਰੀ ਬਣ ਜਾਂਦੀ ਹੈ ।
ਇਹ ਵਿੱਦਿਆ ਦਾ ਪਰਉਪਕਾਰ ਹੈ ਕਿ ਮਨੁੱਖ ਵਿਦਿਆ ਹਾਸਲ ਕਰਨ ਤੋਂ ਬਾਅਦ ਇੱਕ ਸੱਭਿਅਕ ਜੀਵ ਬਣ ਜਾਂਦਾ ਹੈ। ਉਸ ਨੂੰ ਵਿੱਦਿਆ ਰਾਹੀਂ ਰਾਜਨੀਤਕ, ਆਰਥਿਕ, ਇਤਿਹਾਸਿਕ, ਭੂਗੋਲਿਕ, ਸਾਹਿਤਕ ਅਤੇ ਵਿਗਿਆਨਕ ਗਿਆਨ ਆਦਿ ਮਿਲਦਾ ਹੈ। ਇਹ ਬਹੁਪੱਖੀ ਗਿਆਨ ਉਸ ਦੇ ਸਰਬਪੱਖੀ ਵਿਕਾਸ ਵਿੱਚ ਸਹਾਈ ਸਿੱਧ ਹੁੰਦਾ ਹੈ।
ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ :
ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹਾ ਪੜ੍ਹਿਆ ਨਾਉ ॥
ਫਾਂਧੀ ਲਗੀ ਜਾਤਿ ਫਹਾਇਨਿ; ਅਗੈ ਨਾਹੀ ਥਾਉ ॥ (ਮ: ੧/੧੨੮੮)
ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੇ ਆਪਣੇ ਪੁੱਤਰ ਰਾਬਰਟ ਨੂੰ ਸਕੂਲ ਦਾਖ਼ਲ ਕਰਾਉਣ ਤੋਂ ਬਾਅਦ ਸਕੂਲ ਦੇ ਹੈਡਮਾਸਟਰ ਨੂੰ ਇੱਕ ਪੱਤਰ ਲਿਖਿਆ ਕਿ ‘ਮੇਰੇ ਬੱਚੇ ਨੂੰ ਇਹ ਸਿਖਾਓ ਕਿ ਮਿਹਨਤ ਨਾਲ ਕਮਾਇਆ ਹੋਇਆ ਇੱਕ ਡਾਲਰ, ਮੁਫ਼ਤ ਵਿੱਚ ਮਿਲੇ ਪੰਜ ਡਾਲਰਾਂ ਨਾਲੋਂ ਜ਼ਿਆਦਾ ਕੀਮਤੀ ਹੁੰਦਾ ਹੈ, ਉਸ ਨੂੰ ਦੱਸੋ ਕਿ ਹਾਰ ਨੂੰ ਜ਼ਰਨਾ ਸਿੱਖੇ ਤੇ ਜਿੱਤ ਦਾ ਅਨੰਦ ਵੀ ਮਾਣੇ । ਉਹਨਾਂ ਨੇ ਆਪਣੇ ਬੇਟੇ ਵਾਸਤੇ ਹੈਡਮਾਸਟਰ ਸਾਹਿਬ ਨੂੰ ਖਾਸ ਤਾਕੀਦ ਕੀਤੀ ਕਿ ਤੁਸੀਂ ਮੇਰੇ ਬੇਟੇ ਨੂੰ ਕੁਦਰਤੀ ਭੇਦਾਂ ’ਤੇ ਵੀ ਦਿਮਾਗ ਲੜਾਉਣ ਲਈ ਵਕਤ ਦਿਓ । ਉਸ ਨੂੰ ਸਕੂਲ ਵਿੱਚ ਇਹ ਵੀ ਸਿਖਾਓ ਕਿ ਨਕਲ ਮਾਰ ਕੇ ਪਾਸ ਹੋਣ ਨਾਲੋਂ ਫੇਲ੍ਹ ਹੋਣਾ ਚੰਗਾ ਹੈ । ਉਸ ਨੂੰ ਸਿਖਾਓ ਕਿ ਸਭ ਦੀ ਗੱਲ ਸੁਣੇ ਅਤੇ ਜੋ ਕੁੱਝ ਸੁਣੇ, ਉਸ ਨੂੰ ਸੱਚਾਈ ਦਾ ਛਾਨਣਾ ਲਾਵੇ ਅਤੇ ਜੋ ਚੰਗਾ ਲੱਗੇ, ਉਸ ਨੂੰ ਪੱਲੇ ਬੰਨ੍ਹ ਲਵੇ ।’
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਵਿੱਦਿਆ ਦਾ ਮੂਲ ਉਦੇਸ਼ ਤਾਂ ਪਰਉਪਕਾਰੀ ਹੈ ਅਤੇ ਉਹ ਮਨੁੱਖਤਾ ਤੋਂ ਭਟਕੇ ਲੋਕਾਂ ਨੂੰ ਚੰਗੇ ਮਨੁੱਖ ਬਣਾ ਕੇ ਮਨੁੱਖਤਾ ਦੇ ਪਸਾਰ ਵਿੱਚ ਹਿੱਸਾ ਪਾ ਰਹੀ ਹੈ, ਪਰ ਜੇ ਮਨੁੱਖ ਵਿੱਦਿਆ ਦੇ ਗਿਆਨ ਦੀ ਗਲਤ ਵਰਤੋਂ ਕਰਦਾ ਹੈ ਤਾਂ ਕਸੂਰ ਵਿਦਿਆ ਦਾ ਨਹੀਂ ਗਿਣਨਾ ਚਾਹੀਦਾ ਬਲਕਿ ਕਸੂਰ ਤਾਂ ਸਾਰਾ ਮਨੁੱਖ ਦਾ ਹੈ ਜੋ ਉਸ ਵਿੱਦਿਆ ਦੀ ਸੇਧ ਲੈ ਕੇ ਆਪਣੇ ਆਪ ਨੂੰ ਉਸ ਆਸ਼ੇ ਅਨੁਸਾਰ ਢਾਲ ਨਹੀਂ ਸਕਿਆ।
ਭੁੱਲ ਚੁੱਕ ਦੀ ਖਿਮਾ
ਦਾਸ ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ।