ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ 2025 — ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ 'ਤੇ ਪਿੰਡ ਦੋਦਾ ਦੇ ਨੇੜੇ ਦੇਰ ਸ਼ਾਮ ਇੱਕ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਕਾਰਾਂ ਦੀ ਆਪਸੀ ਟੱਕਰ ਹੋਈ। ਹਾਦਸੇ 'ਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਬੱਚਿਆਂ ਸਮੇਤ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਹਾਦਸੇ ਤੋਂ ਬਾਅਦ ਮੌਕੇ 'ਤੇ ਚੀਕ-ਚਿਗਾੜਾਂ ਦੀ ਗੂੰਜ ਸੁਣਾਈ ਦਿੱਤੀ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਘਟਨਾ ਪਿੰਡ ਦੋਦਾ ਨੇੜੇ ਗੋਲਡਨ ਪੈਲੇਸ ਦੇ ਕੋਲ ਵਾਪਰੀ, ਜਿੱਥੇ ਬਠਿੰਡਾ ਵਾਸੀ ਜਸਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ, ਜੋ ਕਿ ਫੌਜ ਵਿੱਚ ਸੇਵਾ ਨਿਭਾ ਰਿਹਾ ਸੀ, ਆਪਣੀ ਕਾਰ ਰਾਹੀਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇੰਡੀਕਾ ਕਾਰ, ਜਿਸਨੂੰ ਐਮਪੀਰੀਅਲ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਚਲਾ ਰਹੀ ਸੀ, ਨਾਲ ਉਸ ਦੀ ਟੱਕਰ ਹੋ ਗਈ।
ਇਸੇ ਸਮੇਂ ਪਿੱਛੋਂ ਆ ਰਹੀ ਜੇਨ ਕਾਰ, ਜਿਸਨੂੰ ਅੰਗਰੇਜ਼ ਸਿੰਘ ਵਾਸੀ ਚੱਕ ਸਰੀਆਂ ਚਲਾ ਰਿਹਾ ਸੀ, ਵੀ ਇਨ੍ਹਾਂ ਦੋਹਾਂ ਕਾਰਾਂ ਨਾਲ ਜਾ ਟਕਰਾਈ। ਤਿੰਨ ਕਾਰਾਂ ਦੀ ਇਸ ਜ਼ਬਰਦਸਤ ਟੱਕਰ 'ਚ ਜਸਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਮਾਤਾ ਅਤੇ ਦੋ ਬੱਚੇ ਗੰਭੀਰ ਜ਼ਖਮੀ ਹੋਏ।
ਪ੍ਰਿੰਸੀਪਲ ਪਰਮਿੰਦਰ ਕੌਰ ਵੀ ਜ਼ਖਮੀ ਹੋਈ, ਜਿਨ੍ਹਾਂ ਨੂੰ ਰਾਹਗੀਰਾਂ ਅਤੇ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾਖ਼ਲ ਕਰਵਾਇਆ ਗਿਆ। ਜਦਕਿ ਮਾਰੂਤੀ ਜੇਨ ਕਾਰ ਦਾ ਡਰਾਈਵਰ ਖੁਸ਼ਕਿਸਮਤੀ ਨਾਲ ਸੁਰੱਖਿਅਤ ਬਚ ਗਿਆ, ਹਾਲਾਂਕਿ ਉਸ ਦੀ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ।
ਪੁਲਿਸ ਚੌਂਕੀ ਦੋਦਾ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਸਹੀ ਕਾਰਣਾਂ ਦੀ ਜਾਂਚ ਜਾਰੀ ਹੈ, ਜਦਕਿ ਜਾਨੀ ਨੁਕਸਾਨ ਕਾਰਨ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।