ਤਰਨਤਾਰਨ, 11 ਅਕਤੂਬਰ 2025 — ਤਰਨਤਾਰਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਵਿਦੇਸ਼ ਬੈਠੇ ਗੈਂਗਸਟਰ ਸੱਤਾ ਨੌਸ਼ਹਿਰਾ ਨਾਲ ਸਬੰਧਤ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਪਿੰਡ ਵੜਿੰਗ ਮੋਹਨਪੁਰ, ਮਹਿਕਪ੍ਰੀਤ ਸਿੰਘ ਪਿੰਡ ਕੁੱਲਾ, ਅਤੇ ਅਨਮੋਲ ਸਿੰਘ ਪਿੰਡ ਸੇਰੋ ਵਾਸੀ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਤਿੰਨ ਪਿਸਟਲ ਬਰਾਮਦ ਕੀਤੇ ਗਏ ਹਨ। ਐਸ.ਐਸ.ਪੀ. ਡਾ. ਰਵਜੋਤ ਕੌਰ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਤਿੰਨੇ ਨੌਜਵਾਨ ਗੈਂਗਸਟਰ ਸੱਤਾ ਨੌਸ਼ਹਿਰਾ ਦੇ ਇਸ਼ਾਰਿਆਂ 'ਤੇ ਭੋਲੇ ਭਾਲੇ ਲੋਕਾਂ ਨੂੰ ਡਰਾ-ਧਮਕਾ ਕੇ ਫਿਰੋਤੀ ਦੀ ਰਕਮ ਵਸੂਲਦੇ ਸਨ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਪਿੰਡ ਸੇਰੋ ਨੇੜੇ ਨਾਕੇਬੰਦੀ ਦੌਰਾਨ ਮੋਟਰਸਾਈਕਲ 'ਤੇ ਆ ਰਹੇ ਇਨ੍ਹਾਂ ਨੌਜਵਾਨਾਂ ਨੂੰ ਰੋਕ ਕੇ ਗ੍ਰਿਫਤਾਰ ਕੀਤਾ।
ਡਾ. ਗਰੇਵਾਲ ਨੇ ਕਿਹਾ ਕਿ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਉਨ੍ਹਾਂ ਦੇ ਗੈਂਗ ਨਾਲ ਸਬੰਧਤ ਹੋਰ ਜਾਣਕਾਰੀ ਮਿਲ ਸਕੇ।
ਐਸਐਸਪੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਰਾਧ ਦੀ ਦੁਨੀਆ ਤੋਂ ਦੂਰ ਰਹਿਣ, ਕਿਉਂਕਿ “ਇਸ ਰਾਹ ਵਿੱਚ ਰਾਤ ਤੋਂ ਬਾਅਦ ਕਦੇ ਵੀ ਸਵੇਰ ਨਹੀਂ ਹੁੰਦੀ।” ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੜ੍ਹਾਈ ਅਤੇ ਇਮਾਨਦਾਰੀ ਨਾਲ ਮਿਹਨਤ ਕਰਕੇ ਹੀ ਚੰਗੀ ਜ਼ਿੰਦਗੀ ਬੀਤ ਸਕਦੇ ਹਨ।
ਸਾਥ ਹੀ, ਐਸਐਸਪੀ ਗਰੇਵਾਲ ਨੇ ਆਮ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਕਿ ਜੇਕਰ ਕਿਸੇ ਨੂੰ ਫਿਰੋਤੀ ਜਾਂ ਧਮਕੀ ਭਰੀ ਕਾਲ ਆਉਂਦੀ ਹੈ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ। ਪੁਲਿਸ ਐਸੀ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।