ਮੋਗਾ, 11 ਅਕਤੂਬਰ – ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਵਿੱਚ ਰਹਿੰਦੇ ਇੱਕ NRI ਨੂੰ ਉਸਦੇ ਹੀ ਕਰੀਬੀ ਦੋਸਤ ਨੇ 15 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ।
ਰਿਪੋਰਟਾਂ ਮੁਤਾਬਕ, ਪਵਿੱਤਰ ਸਿੰਘ ਨਾਮਕ NRI ਅਤੇ ਬਲਵਿੰਦਰ ਸਿੰਘ ਉਰਫ ਬੱਬੂ ਵਿਚਾਲੇ ਪਿਛਲੇ 35 ਸਾਲਾਂ ਤੋਂ ਦੋਸਤੀ ਸੀ। NRI ਨੇ ਆਪਣੇ ਦੋਸਤ 'ਤੇ ਪੂਰਾ ਭਰੋਸਾ ਕਰਦਿਆਂ ਇਲੈਕਟ੍ਰਿਕ ਸਕੂਟਰਾਂ ਦੇ ਕਾਰੋਬਾਰ ਵਿੱਚ 15 ਲੱਖ ਰੁਪਏ ਨਿਵੇਸ਼ ਕੀਤੇ ਸਨ। ਸ਼ੁਰੂਆਤ ਵਿੱਚ ਕਾਰੋਬਾਰ ਚੰਗਾ ਚੱਲਦਾ ਰਿਹਾ, ਪਰ ਜਿਵੇਂ ਹੀ ਪਵਿੱਤਰ ਸਿੰਘ ਕੈਨੇਡਾ ਵਾਪਸ ਗਿਆ, ਦੋਸਤ ਨੇ ਸੰਪਰਕ ਤੋੜ ਲਿਆ ਅਤੇ ਪੈਸੇ ਹੜਪ ਲਏ।
ਐਨਆਰਆਈ ਨੇ ਦਾਅਵਾ ਕੀਤਾ ਕਿ ਉਸਦਾ ਨਾਮ ਤੇ ਨੰਬਰ ਬਿੱਲ ਬੁੱਕ ਤੋਂ ਹਟਾ ਦਿੱਤਾ ਗਿਆ ਤੇ ਕਾਰੋਬਾਰ ਤੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਗਿਆ। ਉਸਨੇ SSP ਮੋਗਾ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਟੀ ਮੋਗਾ ਦੇ ਮੁਖੀ ਵਰਨ ਕੁਮਾਰ ਨੇ ਦੱਸਿਆ ਕਿ ਐਨਆਰਆਈ ਦੇ ਬਿਆਨਾਂ ਦੇ ਅਧਾਰ 'ਤੇ ਬਲਵਿੰਦਰ ਸਿੰਘ ਉਰਫ ਬੱਬੂ ਖਿਲਾਫ ਠੱਗੀ ਦੇ ਵੱਖ-ਵੱਖ ਧਾਰਾਂ ਤਹਿਤ ਮਾਮਲਾ ਦਰਜ ਕਰਕੇ ਗਿਰਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।