ਲਾਲੜੂ, 30 ਅਗਸਤ 2025:
ਬੀਤੇ ਦਿਨ ਘੱਗਰ ਵਿੱਚ ਛੱਡੇ ਗਏ ਬਰਸਾਤੀ ਪਾਣੀ ਨੇ ਇੱਕ ਵਾਰ ਫਿਰ ਆਲਮਗੀਰ, ਟਿਵਾਣਾ, ਸਾਧਾਂਪੁਰ ਤੇ ਖਜੂਰਮੰਡੀ ਪਿੰਡਾਂ ਦੇ ਵਾਸੀਆਂ ਦੇ ਸਾਹ ਸੁੱਕਾ ਦਿੱਤੇ। ਘੱਗਰ ਦਾ ਪਾਣੀ ਕੁਝ ਸਮੇਂ ਲਈ ਬੰਨ ਦੇ ਉੱਪਰੋਂ ਲੰਘ ਗਿਆ ਜਿਸ ਨਾਲ ਸੈਂਕੜੇ ਏਕੜਾਂ ਵਿੱਚ ਖੜ੍ਹੀ ਝੋਨੇ ਦੀ ਫਸਲ ਪਾਣੀ ਦੀ ਲਪੇਟ ਵਿੱਚ ਆ ਗਈ। ਹਾਲਾਂਕਿ ਕੁਝ ਘੰਟਿਆਂ ਬਾਅਦ ਪਾਣੀ ਦਾ ਪੱਧਰ ਘੱਟਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।
ਪਿੰਡ ਟਿਵਾਣਾ ਦੇ ਕਿਸਾਨਾਂ ਜਸਵਿੰਦਰ ਸਿੰਘ, ਗੁਲਜਾਰ ਸਿੰਘ, ਜਸਵੰਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਘੱਗਰ ਦਾ ਪਾਣੀ ਵਧਣ ਨਾਲ ਉਹਨਾਂ ਨੂੰ 2023 ਵਾਲਾ ਡਰਾਉਣਾ ਮੰਜਰ ਮੁੜ ਯਾਦ ਆ ਗਿਆ। ਲੋਕਾਂ ਨੇ ਜਲਦੀ-ਜਲਦੀ ਆਪਣਾ ਸਮਾਨ ਘਰਾਂ ਦੀ ਛੱਤਾਂ ਉੱਤੇ ਚੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ।
ਪਾਣੀ ਦੇ ਵਹਾਅ ਨੇ ਟਿਵਾਣਾ ਵਾਸੀਆਂ ਵੱਲੋਂ ਬਣਾਇਆ ਆਰਜੀ ਰਸਤਾ ਤੋੜ ਦਿੱਤਾ ਅਤੇ ਖਜੂਰਮੰਡੀ ਵੱਲ ਵਗ ਗਿਆ। ਇਸ ਕਾਰਨ 6 ਤੋਂ 10 ਘੰਟੇ ਤੱਕ ਝੋਨਾ ਡੁੱਬਿਆ ਰਿਹਾ। ਲਗਭਗ 50 ਏਕੜ ਵਿੱਚ ਲੱਗੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ, ਜਦਕਿ ਸੈਂਕੜੇ ਏਕੜ ਵਿੱਚ ਖੜ੍ਹੀ ਫਸਲ ਉੱਤੇ ਧੂੜ ਚੜ੍ਹਣ ਨਾਲ ਖਰਾਬ ਹੋਣ ਦਾ ਖਤਰਾ ਬਣ ਗਿਆ ਹੈ।
ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਘੱਗਰ ਨੂੰ ਡੂੰਘਾ ਕਰਕੇ ਇਸਦੇ ਬੰਨ ਮਜ਼ਬੂਤ ਕੀਤੇ ਜਾਣ ਤਾਂ ਜੋ ਹਰ ਸਾਲ ਉਨ੍ਹਾਂ ਦੀਆਂ ਫਸਲਾਂ ਬਰਬਾਦ ਨਾ ਹੋਣ। ਉਹਨਾਂ ਕਿਹਾ ਕਿ 2023 ਦੀ ਤਬਾਹੀ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਝੋਨੇ ਦੀ ਫਸਲ ਸੀ, ਜੋ ਹੁਣ ਫਿਰ ਡੁੱਬ ਗਈ ਹੈ।