ਗੁਰਦਾਸਪੁਰ, 31 ਅਗਸਤ:
ਰਾਵੀ ਦਰਿਆ ਦੇ ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਵਿੱਚ ਹਜੇ ਵੀ ਘਰਾਂ ਦੇ ਆਲੇ ਦੁਆਲੇ ਪਾਣੀ ਖੜਾ ਹੈ। ਕਈ ਦਿਨਾਂ ਤੋਂ ਖੜ੍ਹੇ ਇਸ ਪਾਣੀ ਨਾਲ ਬਦਬੂ ਫੈਲਣ ਕਾਰਨ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸਦੇ ਨਾਲ ਹੀ ਨਵੀਆਂ ਬਣੀਆਂ ਕੋਠੀਆਂ ਦੀਆਂ ਨੀਹਾਂ ਬੈਠ ਗਈਆਂ ਹਨ ਤੇ ਦੀਵਾਰਾਂ ਪਾੜ ਗਈਆਂ ਹਨ।
ਲੱਖਾਂ ਰੁਪਏ ਖਰਚ ਕਰਕੇ ਬਣਾਏ ਮਕਾਨ ਹੁਣ ਰਹਿਣ ਵਾਲੇ ਪਰਿਵਾਰਾਂ ਲਈ ਖਤਰੇ ਦਾ ਕਾਰਨ ਬਣ ਰਹੇ ਹਨ। ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਬਲੱਗਣ ਵਿੱਚ ਕਈ ਪਰਿਵਾਰ ਆਪਣਾ ਸਮਾਨ ਘਰਾਂ ‘ਚੋਂ ਕੱਢ ਕੇ ਸੁਰੱਖਿਅਤ ਥਾਵਾਂ ਵੱਲ ਲਿਜਾਣ ਲੱਗ ਪਏ ਹਨ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਘਰਾਂ ਦੀਆਂ ਦੀਵਾਰਾਂ ਵਿੱਚ ਆਈਆਂ ਦਰਾਰਾਂ ਤੇ ਨੀਹਾਂ ਵਿੱਚ ਪੈ ਰਹੇ ਪਾੜ ਦੇਖ ਕੇ ਉਹ ਬੇਹਦ ਸਹਿਮੇ ਹੋਏ ਹਨ। ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਜਲਦੀ ਜਾਇਜਾ ਲੈ ਕੇ ਮਕਾਨਾਂ ਦੀ ਮੁੜ ਉਸਾਰੀ ਲਈ ਮੁਆਵਜ਼ਾ ਦੇਵੇ।